ਪਟਿਆਲਾ: ਬੇਰੁਜ਼ਗਾਰ ਡੀਪੀਆਈ ਅਧਿਆਪਕਾਂ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਆਸਾਮੀਆਂ ਨੂੰ ਨਿਗੂਣਾ ਦੱਸਦੇ ਹੋਏ ਖੰਡਾ ਚੌਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਇਨ੍ਹਾਂ ਆਸਾਮੀਆਂ ਵਿੱਚ ਇੱਕ ਹਜ਼ਾਰ ਆਸਾਮੀਆਂ ਦਾ ਹੋਰ ਵਾਧਾ ਕੀਤਾ ਜਾਵੇ।
ਪ੍ਰਦਰਸ਼ਨ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਹੱਥਾਂ ਵਿੱਚ ਮੁੱਖ ਮੰਤਰੀ ਪੰਜਾਬ ਗੁੰਮਸ਼ੁਦਾ ਦੇ ਪੋਸਟਰ ਫੜ ਕੇ ਪੰਜਾਬ ਸਰਕਾਰ ਵਿਰੁੱਧ ਭਰਵੀਂ ਨਾਹਰੇਬਾਜ਼ੀ ਕੀਤੀ। ਕਈ ਬੇਰੁਜ਼ਗਾਰ ਅਧਿਆਪਕਾਂ ਨੇ ਕਾਲੇ ਚੋਲੇ ਪਾਏ ਸਨ।
ਇਸ ਦੌਰਾਨ ਪ੍ਰਦਰਸ਼ਨਕਾਰੀ ਅਧਿਆਪਕ ਤਰਨਬੀਰ ਕੌਰ, ਸਨਦੀਪ ਅਤੇ ਜਸਕਰਨ ਸਿੰਘ ਨੇ ਕਿਹਾ ਕਿ ਅੱਜ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੀਪੀਆਈ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਨੌਕਰੀ ਲਈ ਹੱਥ-ਪੈਰ ਮਾਰ ਰਹੇ ਹਨ ਅਤੇ ਸਾਥੀ ਅਧਿਆਪਕ ਵੀ 14 ਦਿਨਾਂ ਤੋਂ ਪਾਣੀ ਦੀ ਟੈਂਕੀ 'ਤੇ ਚੜ੍ਹੇ ਹੋਏ ਹਨ ਪਰ ਪੰਜਾਬ ਦੀ ਕੈਪਟਨ ਸਰਕਾਰ ਉਨ੍ਹਾਂ ਦੀ ਇੱਕ ਨਹੀਂ ਸੁਣ ਰਹੀ।
ਉਨ੍ਹਾਂ ਕਿਹਾ ਕਿ ਹੁਣ ਜੇਕਰ ਸਰਕਾਰ ਨੇ ਡੀਪੀਆਈ ਦੀਆਂ ਪੋਸਟਾਂ ਕੱਢੀਆਂ ਵੀ ਹਨ ਪਰ ਉਹ ਬਹੁਤ ਹੀ ਥੋੜ੍ਹੀਆਂ ਕੱਢੀਆਂ ਹਨ। ਇਸ ਸਮੇਂ ਕਈ ਅਧਿਆਪਕ ਓਵਰਏਜ਼ ਹੋ ਚੁੱਕੇ ਹਨ ਅਤੇ ਸਿੱਖਿਆ ਮੰਤਰੀ ਨੂੰ ਵੀ ਇਸ ਸਬੰਧੀ ਕਈ ਵਾਰੀ ਚਿੱਠੀ ਲਿਖੀ ਗਈ ਹੈ ਪਰੰਤੂ ਸਿਰਫ਼ ਵਾਅਦਾ ਹੀ ਕੀਤਾ ਜਾਂਦਾ ਹੈ ਪਰ ਪੂਰਾ ਕੋਈ ਵੀ ਨਹੀਂ ਕੀਤਾ ਜਾ ਰਿਹਾ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਹੁਣ 873 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਹੈ, ਜੋ ਕਿ ਬਹੁਤ ਹੀ ਘੱਟ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ 1000 ਪੋਸਟਾਂ ਦਾ ਹੋਰ ਵਾਧਾ ਕਰਕੇ ਇਨ੍ਹਾਂ ਪੋਸਟਾਂ ਨੂੰ 1873 ਕਰੇ। ਜੇਕਰ ਇਹ ਵਾਧਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ, ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।