ਪਟਿਆਲਾ: ਬੀਤੀ 29 ਜੁਲਾਈ ਨੂੰ ਪਟਿਆਲਾ ਨਾਭਾ ਰੋਡ 'ਤੇ ਪੈਂਦੇ ਪਿੰਡ ਕਲਿਆਣ ਦੇ ਗੁਰਦੂਆਰਾ ਸਾਹਿਬ ਵਿੱਚੋਂ ਦੁਰਲੱਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰਿਟੇਕ) ਦੇ ਆਗੂ ਸਾਬਕਾ ਕੈਬਿਨੇਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਸਵੇਦਨਾ ਜ਼ਾਹਿਰ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੇ।
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਦੁਰਲੱਭ ਹਨ ਅਤੇ ਸਿੱਖ ਕੌਮ ਦੇ ਇਸ ਘਟਨਾ ਤੋਂ ਬਾਅਦ ਦਿਲ ਵਲੂੰਦਰੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਮਾਲੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਬਹੁਤ ਨਿਲਾਇਕੀ ਵਿਖਾਈ ਹੈ। ਉਨ੍ਹਾਂ ਕਿਹਾ ਘਟਨਾ ਦੀ ਸੂਚਨਾ ਦੇਣ ਤੋਂ ਪੰਜ ਦਿਨ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ। ਸਾਬਕਾ ਕੈਬਿਨੇਟ ਮੰਤਰੀ ਨੇ ਕਿਹਾ ਪੁਲਿਸ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਣਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਸੰਘਰਸ਼ ਦੀ ਗੱਲ ਕੀਤੇ ਜਾਣ ਬਾਰੇ ਢੀਂਡਸਾ ਨੇ ਕਿਹਾ ਕਿ ਪਹਿਲਾ ਸ਼੍ਰੋਮਣੀ ਕਮੇਟੀ ਉਨ੍ਹਾਂ ਸਰੂਪਾਂ ਦਾ ਹਿਸਾਬ ਦੇਵੇ ਜਿਹੜੇ ਸਰੂਪ ਕਮੇਟੀ ਦੇ ਰਿਕਾਰਡ 'ਚੋਂ ਲਾਪਤਾ ਹਨ। ਉਨ੍ਹਾਂ ਕਿਹਾ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਉਹ ਇਸ ਮਾਮਲੇ 'ਤੇ ਸਿਆਸਤ ਕਰ ਰਹੇ ਹਨ ਜਿਨ੍ਹਾਂ 'ਤੇ ਆਪ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ।
ਪੰਥ 'ਚੋਂ ਛੇਕੇ ਗਏ ਸੁੱਚਾ ਸਿੰਘ ਨੰਗਾਹ ਨੂੰ ਮੁੜ ਅੰਮਿ੍ਰਤ ਛਕਾਉਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਸ਼ਾਮਲ ਹਨ। ਉਨ੍ਹਾਂ ਕਿਹਾ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਪੰਥ ਨੂੰ ਕੌਣ ਬਚਾ ਸਕਦਾ ਹੈ।