ਪਟਿਆਲਾ:ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫਿਰ ਆਮ ਆਦਮੀ ਨੂੰ ਝਟਕਾ ਦਿੱਤਾ ਹੈ। ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਅੱਜ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜੇਕਰ ਨਾਭਾ (Nabha) ਦੀ ਗੱਲ ਕੀਤੀ ਜਾਵੇ ਤਾਂ ਨਾਭਾ ਵਿਖੇ ਪੈਟਰੋਲ (Petrol) 105.96 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.78 ਰੁਪਏ ਹੋਣ ਨਾਲ ਆਮ ਲੋਕਾਂ ਦਾ ਬਜਟ ਤੇ ਭਾਰੀ ਬੋਝ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਪੈਟਰੋਲ ਡੀਜ਼ਲ (Diesel) ਦੇ ਰੇਟ ਵਧਦੇ ਰਹੇ ਤਾਂ ਲੋਕ ਰੋਟੀ ਕਿੱਥੋਂ ਖਾਣਗੇ।
ਇਸ ਮਹੀਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ ਹਰ ਰੋਜ਼ ਵਾਧਾ ਹੋਇਆ ਹੈ। ਅਕਤੂਬਰ ਦੇ ਪਹਿਲੇ 10 ਦਿਨਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ 2.80 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ 3.30 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਿੱਥੇ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਉਥੇ ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ ਹੁਣ ਰਸੋਈ ਤੇ ਵੀ ਇਸ ਦਾ ਬੋਝ ਵੇਖਣ ਨੂੰ ਸਾਫ਼ ਮਿਲ ਰਿਹੈ।ਕਿਉਂਕਿ ਪਿਆਜ਼ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦਿਹਾੜੀਦਾਰ ਵਰਗ ਨੂੰ ਇਸ ਦਾ ਕਾਫ਼ੀ ਬੋਝ ਝੱਲਣਾ ਪੈ ਰਿਹਾ ਹੈ।
ਇਸ ਮੌਕੇ ਤੇ ਤੇਲ ਪਵਾਉਣ ਆਏ ਲੋਕਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਰੇਟਾਂ ਵਿੱਚ ਇਜ਼ਾਫ਼ਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਗ਼ਰੀਬ ਦੀ ਕੀ ਹਾਲਤ ਹੋਵੇਗੀ।ਇਹ ਮੋਦੀ ਸਰਕਾਰ ਨੂੰ ਵੇਖਣਾ ਚਾਹੀਦਾ ਹੈ। ਜੇਕਰ ਇਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਰਿਹਾ ਤਾਂ ਲੋਕ ਆਪਣਾ ਸਾਈਕਲ ਚੁੱਕਣ ਲਈ ਮਜਬੂਰ ਹੋ ਜਾਣਗੇ।