ਪਟਿਆਲਾ: ਪੁਲਿਸ ਨੇ 10 ਦਸੰਬਰ ਨੂੰ ਇੱਕ ਵਿਆਹ ਸਮਾਗਮ ਵਿਚੋਂ ਗੁੰਮ ਹੋਏ ਬੱਚੇ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਥਿਤ ਦੋਸ਼ੀ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਬਾਰੇ ਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇੱਕ ਵਿਆਹ ਸਮਾਗਮ ਵਿੱਚ ਸੱਤ ਸਾਲਾਂ ਬੱਚੇ ਦੇ ਲਾਪਤਾ ਹੋਣ ਦੀ ਰਿਪੋਰਟ ਬੱਚੇ ਦੇ ਪਿਤਾ ਨੇ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਦੋ ਦਿਨ ਤੱਕ ਇਸ ਪੂਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ 'ਤੇ ਪੜਤਾਲ ਕੀਤੀ ਗਈ। ਇਸ ਜਾਂਚ ਦੌਰਾਨ ਪੱਤਾ ਲਗਿਆ ਕਿ ਵਿਆਹ ਵਿੱਚ ਡੀਜੇ ਲਗਵਾਉਣ ਵਾਲੇ ਲਖਵਿੰਦਰ ਨੇ ਪਹਿਲਾਂ ਬੱਚੇ ਨੂੰ ਪੈਸੇ ਅਤੇ ਮਿਠਾਈ ਦਾ ਲਾਲਚ ਦਿੱਤਾ। ਉਸ ਤੋਂ ਬਾਅਦ ਉਸ ਨੂੰ ਮੋਟਰਸਾਇਕਲ 'ਤੇ ਬੈਠਾ ਕੇ ਭਾਖੜਾ ਨਹਿਰ ਕੋਲ ਲੈ ਗਿਆ ਅਤੇ ਉਸ ਨਾਲ ਗਲਤ ਵਤੀਰਾ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਮਾਰ ਕੇ ਨਹਿਰ 'ਚ ਸੁੱਟ ਦਿੱਤਾ। ਫ਼ਿਲਹਾਲ ਬੱਚੇ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਭਾਖੜਾ ਨਹਿਰ ਦੇ ਆਸ-ਪਾਸ ਅਤੇ ਖਨੌਰੀ ਹੈਡ ਤੱਕ ਗੋਤਾਖੋਰ ਟੀਮਾਂ ਰਾਂਹੀ ਬੱਚੇ ਦੀ ਭਾਲ ਲਈ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ।