ਪਟਿਆਲਾ: ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਲੁੱਟਖੋਹ ਦੇ ਮਾਮਲੇ ਵੱਧਦੇ ਜਾ ਰਹੇ ਹਨ। ਹਾਲ ਹੀ ਵਿੱਚ ਤ੍ਰਿਪੜੀ ਇਲਾਕੇ ਤੋਂ ਮਹਿਲਾ ਉੱਤੇ ਪ੍ਰਹਾਰ ਕਰ ਲੁੱਟ ਦੀ ਕੋਸ਼ਿਸ਼ ਕਰਨ ਵਾਲੇ 2 ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਮਹਿਲਾ ਜੋ ਕਿ ਆਪਣੇ ਕੰਮ ਤੋਂ ਵਾਪਸ ਘਰ ਨੂੰ ਜਾ ਰਹੀ ਸੀ। ਰਸਤੇ ਵਿੱਚ ਉਸ ਨੂੰ ਰੋਕ ਕੇ ਲੁਟੇਰਿਆਂ ਵੱਲੋਂ ਪਰਸ ਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮਹਿਲਾ ਦੇ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਸ ਦੇ ਸਿਰ 'ਤੇ ਡੰਡੇ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਮਹਿਲਾ ਜ਼ਖਮੀ ਹੋ ਗਈ ਸੀ। ਮੌਕੇ 'ਤੇ ਪੀਸੀਆਰ ਦੇ ਜਵਾਨਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿੱਚ ਕਾਮਯਾਬ ਰਹੇ।
ਇਸ ਦੌਰਾਨ ਮੋਟਰਸਾਈਕਲ ਸਵਾਰਾਂ ਦੀ ਸੀਸੀਟੀਵੀ ਵੀਡੀਓ ਕੈਦ ਹੋ ਗਈ ਸੀ। ਪੁਲਿਸ ਨੇ ਛਾਣਬੀਨ ਕਰ ਕੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਇਨ੍ਹਾਂ ਲੁਟੇਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਡੀਐਸਪੀ ਸੌਰਵ ਜਿੰਦਲ ਨੇ ਕਿਹਾ ਕਿ ਇਸ ਵਾਰਦਾਤ ਨੂੰ ਦੇਖਦੇ ਹੋਏ ਪੀਸੀਆਰ ਦੀ ਪੈਟਰੋਲਿੰਗ ਹੋਰ ਵਧਾ ਦਿੱਤੀ ਜਾਵੇਗੀ ਤਾਂ ਜੋ ਅਜਿਹੀਆਂ ਵਾਰਦਾਤਾਂ ਨਾ ਹੋ ਸਕਣ। ਦੱਸਣਯੋਗ ਹੈ ਕਿ 15 ਦਿਨ ਪਹਿਲਾਂ ਵੀ ਪਟਿਆਲਾ ਦੇ ਨਗਰ ਵਿੱਚ ਅਜਿਹੀ ਹੀ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।