ਪਟਿਆਲਾ: ਹਲਕਾ ਸਨੌਰ 'ਚ ਪੈਂਦੇ ਪਿੰਡ ਅਸਰਪੁਰ ਵਿਖੇ ਸਰਕਾਰੀ ਸਕੂਲ ਅੰਦਰ ਮੀਂਹ ਦਾ ਪਾਣੀ ਭਰਨ ਕਰਕੇ ਸਕੂਲ ਦੀ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਦੀ ਛੁੱਟੀ ਕਰਨੀ ਪੈ ਗਈ।
ਇਸ ਬਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਡੀ ਕਲਾਸ ਵਿਚ ਪਾਣੀ ਭਰ ਗਿਆ ਹੈ ਤੇ ਸਾਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ ਕਿ ਕੋਈ ਜ਼ਹਿਰੀਲਾ ਜਾਨਵਰ ਪਾਣੀ 'ਚੋਂ ਨਾ ਕੱਟ ਲਵੇ। ਇਸ ਦੇ ਨਾਲ ਹੀ ਕਲਾਸ ਦੇ ਅੰਦਰ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਹਨ ਜਿਸ ਕਰਕੇ ਕਰੰਟ ਲੱਗਣ ਦਾ ਡਰ ਵੀ ਹਮੇਸ਼ਾ ਸਤਾਉਂਦਾ ਰਹਿੰਦਾ ਹੈ।
ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਇਆ ਹੋਇਆ ਹੈ ਪਰ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਲਗਭਗ 200 ਵਿਦਿਆਰਥੀ ਹਨ ਜਿਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਸਕੂਲ ਦੀ ਇਸ ਹਾਲਤ 'ਤੇ ਧਿਆਨ ਦਿੱਤਾ ਜਾਵੇਗਾ ਜਾਂ ਫਿਰ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਛੁੱਟੀ ਕਰਕੇ ਘਰ ਭੇਜਿਆ ਜਾਵੇਗਾ?