ਪਟਿਆਲਾ: ਪੂਰੇ ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਈਟੀਵੀ ਭਾਰਤ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਕਿਸਾਨਾਂ ਤੇ ਆਮ ਲੋਕਾਂ ਨੂੰ ਪ੍ਰਦੂਸ਼ਣ 'ਤੇ ਰੋਕ ਲਗਾਉਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ।
ਈਟੀਵੀ ਭਾਰਤ ਵੱਲੋਂ ਲੋਕਾਂ ਵਿੱਚ ਇਹ ਨਾਅਰਾ ਚੁੱਕਿਆ ਗਿਆ ਹੈ ਕਿ "ਇਹ ਵਰ੍ਹਾਂ ਨਾਨਕ ਦੇ ਨਾਲ, ਨਹੀਂ ਫੂਕਾਂਗੇ ਪਰਾਲ।" ਸੂਬਾ ਪੱਧਰ 'ਤੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਗਈ ਹੈ ਪਰ ਫਿਰ ਵੀ ਕੋਈ ਸਰਕਾਰੀ ਅਧਿਕਾਰੀ ਪਰਾਲੀ ਸਾੜਨ ਦੇ ਮਾਮਲਿਆਂ ਵਿਰੁੱਧ ਕੀਤੀ ਕਾਰਵਾਈ ਦੇ ਸਰਕਾਰੀ ਵੇਰਵੇ ਸਾਂਝੇ ਕਰਨ ਤੋਂ ਬੱਚਦਾ ਨਜ਼ਰ ਆ ਰਿਹਾ ਹੈ।
ਅਧਿਕਾਰੀਆਂ ਨਾਲ ਮਿਲਣ ਲਈ ਈਟੀਵੀ ਭਾਰਤ ਵੱਲੋਂ ਪੀਆਰਓ ਚਰਨਜੀਤ ਸਿੰਘ ਤੇ ਸਕੱਤਰ ਰਮੇਸ਼ ਸਿੰਘ ਨੂੰ ਚਿੱਠੀ ਲਿੱਖੀ ਗਈ ਤੇ ਚੇਅਰਮੈਨ ਐੱਸ.ਐੱਸ. ਮਰਵਾਹਾ ਦੇ ਦਫ਼ਤਰ ਵੀ ਚਿੱਠੀ ਭੇਜੀ ਗਈ, ਪਰ ਫਿਰ ਵੀ ਵਿਭਾਗ ਮਿਲਣ ਤੋਂ ਬੱਚ ਰਿਹਾ ਹੈ। ਉੱਥੇ ਹੀ ਕਿਸਾਨਾਂ ਵੱਲੋਂ ਪਰਾਲੀ ਸਾੜਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਪ੍ਰਸ਼ਾਸਨਿਕ ਢਿੱਲ ਤੇ ਅਧਿਕਾਰੀਆਂ ਵੱਲੋਂ ਵਿਖਾਈ ਜਾ ਰਹੀ ਅਣਗਹਿਲੀ ਜ਼ਿੰਮੇਵਾਰ ਹੈ।