ਚੰਡੀਗੜ੍ਹ: ਮਿਸ਼ਨ ਫਤਿਹ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਨੇ ਮੰਗਲਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਸੂਬੇ ਦੇ ਪਹਿਲੇ ਅਤੇ ਦਿੱਲੀ ਤੋਂ ਬਾਅਦ ਦੇਸ਼ ਦੇ ਦੂਜੇ ਪਲਾਜ਼ਮਾ ਬੈਂਕ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂਆਤ ਕੀਤੀ।

ਇਸ ਮੌਕੋ ਸੋਨੀ ਨੇ ਕਿਹਾ ਕਿ ਪਲਾਜ਼ਮਾ ਬੈਂਕ ਇਸ ਮਹਾਂਮਾਰੀ ਦੇ ਇਲਾਜ ਵਿੱਚ ਸਹਾਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਾਪਤ ਹੋਇਆ ਇਹ ਪਲਾਜ਼ਮਾ ਬੈਂਕ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਸਬੰਧੀ ਪਹਿਲਾਂ ਸੂਬੇ ਵਿੱਚ ਵੱਖ-ਵੱਖ ਟਰਾਇਲ ਸਫ਼ਲਤਾਪੂਰਵਕ ਕੀਤੇ ਗਏ ਹਨ, ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਅਤੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਵੀ ਇਸੇ ਦਾ ਹੀ ਸਿੱਟਾ ਹੈ। ਉਨ੍ਹਾਂ ਨਵੇਂ ਬਣੇ ਪਲਾਜ਼ਮਾਂ ਬੈਂਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋ ਪਲਾਜ਼ਮਾ ਮਸ਼ੀਨਾਂ ਨਾਲ ਲੈਸ ਹੈ ਅਤੇ ਛੇਤੀ ਹੀ ਤੀਜੀ ਮਸ਼ੀਨ ਵੀ ਲਿਆਂਦੀ ਜਾਵੇਗੀ।
ਪਲਾਜ਼ਮਾ ਦਾਨ ਕਰਨ ਦੀ ਅਪੀਲ
ਸੋਨੀ ਨੇ ਦੱਸਿਆ ਕਿ ਐਂਟੀਬਾਡੀ ਟੈਸਟਿੰਗ ਲਈ ਸਾਡੇ ਕੋਲ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਤੋਂ ਇਲਾਵਾ ਅਤਿ-ਆਧੁਨਿਕ ਟੈਸਟਿੰਗ ਸਾਜ਼ੋ-ਸਮਾਨ ਵੀ ਜਲਦੀ ਹੀ ਉਪਲਬਧ ਹੋਵੇਗਾ। ਉਨ੍ਹਾਂ ਸਿਹਤਯਾਬ ਹੋ ਚੁੱਕੇ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਨੇਪਰੇ ਚੜ੍ਹੇਗਾ।