ਨਾਭਾ: ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰਦਿਆਂ ਤਿੰਨ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਬੀਤੇ ਦਿਨੀਂ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਸਿੰਘੂ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।ਜਿਸ ਨੂੰ ਲੈਕੇ ਨਵਜੋਤ ਸਿੰਘ ਦੇ ਘਰ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੁੱਖ ਦਾ ਸਾਂਝਾ ਕਰਨ ਪਹੁੰਚੇ।
ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਤੇ ਅਕਾਲੀਆਂ 'ਤੇ ਸ਼ਬਦੀ ਹਮਲੇ ਕੀਤੇ। ਮਹਾਰਾਣੀ ਪ੍ਰਨੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਦੀ ਮੌਤ 'ਤੇ ਬਹੁਤ ਦੁੱਖ ਹੋਇਆ ਕਿਉਂਕਿ ਉਸ ਦੀ ਉਮਰ ਅਜੇ ਮਹਿਜ਼ 18 ਸਾਲ ਸੀ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਨਵਜੋਤ ਆਪਣੇ ਪਰਿਵਾਰ ਦਾ ਇਕਲੌਤਾ ਹੀ ਪੁੱਤ ਸੀ। ਇਸ ਕਰਕੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਸੀਂ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਆਏ ਹਾਂ ਤੇ ਨਵਜੋਤ ਦੀ ਮੌਤ ਹੋਈ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ।
ਮਹਾਰਾਣੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਤਾ ਨਹੀਂ ਅਜੇ ਤੱਕ ਮੋਦੀ ਸਰਕਾਰ ਕਿਉਂ ਨਹੀਂ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਕਰ ਰਹੀ। ਮੋਦੀ ਸਰਕਾਰ ਨੇ ਪੂਰੇ ਭਾਰਤ ‘ਚ ਮੈਂਬਰ ਪਾਰਲੀਮੈਂਟਾਂ ਦੀਆਂ ਫੰਡ ਵੀ ਬੰਦ ਕਰ ਦਿੱਤੇ ਹਨ। ਮੋਦੀ ਸਰਕਾਰ ਗਰੀਬਾਂ ਨੂੰ ਮਾਰ ਰਹੀ ਹੈ ਅਤੇ ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੀ ਪਰਿਵਾਰ ਨੂੰ ਪੰਜ ਲੱਖ ਦੀ ਮਾਲੀ ਮਦਦ ਕੀਤੀ ਜਾਵੇਗੀ। ਬਿਕਰਮ ਮਜੀਠੀਆ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਨਾਲ ਰਲ ਕੇ ਕੰਮ ਕਰਨ ਦੇ ਸਵਾਲ ਤੇ ਮਹਾਰਾਣੀ ਪ੍ਰਨੀਤ ਕੌਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਜੋ ਪਹਿਲਾਂ ਬੀਜੇਪੀ ਨਾਲ ਹੱਥ ਮਿਲਾ ਕੇ ਕੰਮ ਕਰਦੇ ਰਹੇ ਉਹ ਅਜਿਹੇ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ:ਤਨਖਾਹ ਸਕੇਲ ਨੇਮਾਂ ਵਿੱਚ ਤਬਦੀਲੀ ਦੇ ਫੈਸਲੇ ਦਾ ਅਧਿਆਪਕਾਂ ਨੇ ਕੀਤਾ ਵਿਰੋਧ