ਪਟਿਆਲਾ: ਪੰਜਾਬ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਭਿਆਨਕ ਬਿਮਾਰੀਆਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਫਿਜਾਲੌਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਇਕਬਾਲ ਸਿੰਘ ਨੇ ਖੋਜ ਕੀਤੀ। ਜਿਸ ਦੇ ਖ਼ਤਰਨਾਕ ਨਤੀਜੇ ਇਹ ਸਾਹਮਣੇ ਆਏ ਹਨ ਕਿ ਕਿਸਾਨਾਂ ਵੱਲੋਂ ਫ਼ਸਲਾਂ ਵਿੱਚ ਵਰਤੇ ਜਾਂਦੇ ਪੈਸਟੀਸਾਈਡ ਤੇ ਇਨਸੈਕਟੀਸਾਈਡ ਸਿਰਫ਼ ਕਿਸਾਨਾਂ ਦੇ ਹੀ ਨਹੀਂ ਸਗੋਂ, ਆਮ ਆਬਾਦੀ ਵਿੱਚ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਹੇ ਹਨ। ਡਾਕਟਰ. ਇਕਬਾਲ ਸਿੰਘ ਵੱਲੋਂ ਕੀਤੀ ਖੋਜ ਨੂੰ ਭਾਰਤ ਸਰਕਾਰ ਦੀ ਸੰਸਥਾ ਇੰਸਟੀਚਿਊਟ ਆਫ਼ ਸਕਾਲਰਜ਼ ਵੱਲੋਂ ਮਾਨਤਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ 'ਰਿਸਰਚ ਐਕਸੀਲੈਂਸ ਐਵਾਰਡ-2023' ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਪੰਜਾਬ ਜ਼ੋਨ ਦਾ ਖੋਜਕਾਰ ਜੀਵਨ ਮੈਂਬਰ ਵੀ ਬਣਾਇਆ ਗਿਆ ਹੈ।
40 ਪਿੰਡਾਂ ਨੂੰ ਆਪਣਾ ਖੋਜ ਕੇਂਦਰ ਬਣਾਇਆ:- ਤੁਹਾਨੂੰ ਦੱਸ ਦੇਈਏ ਕਿ ਡਾ: ਇਕਬਾਲ ਸਿੰਘ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਫਿਜ਼ੀਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨੇ ਆਪਣੀ ਖੋਜ ਲਈ ਪਟਿਆਲਾ ਸਰਕਲ ਦੇ 40 ਪਿੰਡਾਂ ਨੂੰ ਆਪਣਾ ਖੋਜ ਕੇਂਦਰ ਬਣਾਇਆ, ਇਸ ਖੋਜ ਵਿੱਚ ਉਨ੍ਹਾਂ ਨੇ 2 ਕਿਸਮਾਂ ਦੇ ਕਿਸਾਨਾਂ ਨੂੰ ਸ਼ਾਮਲ ਕੀਤਾ, ਜਿਨ੍ਹਾਂ ਵਿੱਚੋਂ ਇੱਕ ਕਿਸਾਨ ਉਹ ਹਨ, ਜੋ ਜੈਵਿਕ ਖੇਤੀ ਕਰਦੇ ਹਨ ਅਤੇ ਦੂਜੇ ਉਹ ਕਿਸਾਨ ਜੋ ਫ਼ਸਲਾਂ ਵਿੱਚ ਜ਼ਹਿਰੀਲੇ ਦਵਾਈਆਂ ਦੀ ਵਰਤੋਂ ਕਰਕੇ ਖੇਤੀ ਕਰਦੇ ਹਨ।
ਕੀਟਨਾਸ਼ਕਾਂ ਨਾਲ 90 ਫੀਸਦੀ ਕਿਸਾਨਾਂ ਦੇ ਫੇਫੜਿਆਂ ਨੂੰ ਨੁਕਸਾਨ:- ਡਾਕਟਰ ਇਕਬਾਲ ਨੇ ਕਿਸਾਨਾਂ 'ਤੇ ਟੈਸਟ ਕਰਵਾਏ, ਜਿਸ ਵਿੱਚ ਪਾਇਆ ਗਿਆ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲੇ 90 ਫੀਸਦੀ ਕਿਸਾਨਾਂ ਦੇ ਫੇਫੜਿਆਂ ਨੂੰ ਨੁਕਸਾਨ ਹੋਇਆ। ਜਿਸ ਕਾਰਨ ਕਿਸਾਨਾਂ ਤੇ ਆਮ ਲੋਕਾਂ ਵਿੱਚ ਬਲਗਮ, ਖੰਘ ਅਤੇ ਫੇਫੜਿਆਂ ਦੀਆਂ ਕਈ ਬੀਮਾਰੀਆਂ ਵੀ ਪਾਈਆਂ ਗਈਆਂ, ਜਿਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਫੇਫੜਿਆਂ ਵਿੱਚ ਇਨਫੈਕਸ਼ਨ ਕੈਂਸਰ ਦਾ ਕਾਰਨ ਬਣ ਰਹੀ ਹੈ।
ਡਾਕਟਰ ਇਕਬਾਲ ਸਿੰਘ ਦੀ ਕਿਸਾਨਾਂ ਨੂੰ ਸਲਾਹ:- ਡਾਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਕਿਸਾਨ ਆਮ ਤੌਰ 'ਤੇ 234 ਦਵਾਈਆਂ ਜਿਵੇਂ ਕਿ ਸਲਫਰ, ਐਂਡੋਸਲਫਾਨ, ਮੋਨੋਸਿਲ, ਮੈਕਨੋਜ਼ੇਬ ਆਦਿ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਜੈਵਿਕ ਖੇਤੀ ਵਿੱਚ ਨਿੰਮ ਤੋਂ ਬਣੀ ਦਵਾਈ ‘ਓਜੋਨਿਮ ਤ੍ਰਿਸ਼ੂਲ’ ਦੀ ਵਰਤੋਂ ਕਰ ਸਕਦੇ ਹਨ। ਜਿਸ ਦਾ ਮਨੁੱਖੀ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਫ਼ਸਲ 'ਤੇ ਇਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ।
ਜ਼ਹਿਰੀਲੀਆਂ ਦਵਾਈਆਂ ਦੇ ਪ੍ਰਭਾਵ:- ਡਾਕਟਰ ਇਕਬਾਲ ਨੇ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਨਾਲ ਆਮ ਲੋਕਾਂ ਦੇ ਫੇਫੜੇ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਨਾਲ ਜ਼ਮੀਨ ’ਤੇ ਵੀ ਮਾੜਾ ਅਸਰ ਪੈਂਦਾ ਹੈ, ਜਿਸ ਦਾ ਪੂਰਾ ਅੰਕੜਾ ਭੂਮੀ-ਵਿਭਾਗ ਦੇ ਮਾਹਿਰਾਂ ਤੋਂ ਹੀ ਪਤਾ ਲੱਗ ਸਕਦਾ ਹੈ। ਉਨ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਲਗਾਤਾਰ ਖੂਨ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਜਿਸ ਖੇਤ ਵਿੱਚ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ, ਉੱਥੇ ਲਿਖਤੀ ਰੂਪ ਵਿੱਚ ਬੋਰਡ ਲਗਾਉਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕੇ।