ਪਟਿਆਲਾ: ਰਾਜਪੁਰਾ ਰੋਡ 'ਤੇ ਇੱਕ ਮੁਹੱਲੇ 'ਚ ਕੋਵਿਡ-19 ਦੇ ਟੈਸਟਿੰਗ ਲਈ ਸੈਂਪਲ ਲੈਣ ਗਈਆਂ ਆਸ਼ਾ ਵਰਕਰਾਂ ਨਾਲ ਮੁਹੱਲਾ ਵਾਸੀਆਂ ਵੱਲੋਂ ਗਾਲੀ ਗਲੋਚ ਕੀਤੀ ਗਈ। ਲੋਕਾ ਨੇ ਹੱਥਾਂ 'ਚ ਇੱਟਾ ਰੋੜੇ ਵੀ ਚੁੱਕੇ ਹੋਏ ਸਨ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲੋਕਾਂ ਨੂੰ ਸ਼ਾਤ ਕਰਵਾਇਆ।
ਸ਼ਨਿੱਚਰਵਾਰ ਨੂੰ ਜਦੋਂ ਰਾਜਪੁਰਾ ਰੋਡ 'ਤੇ ਇੱਕ ਮੁਹੱਲੇ ਵਿੱਚ ਆਸ਼ਾ ਵਰਕਰ ਅਤੇ ਸਿਹਤ ਵਿਭਾਗ ਦੀ ਟੀਮ ਕੋਰੋਨਾ ਦੇ ਸੈਂਪਲ ਲੈਣ ਪਹੁੰਚੀ ਤਾਂ ਲੋਕਾ ਨੇ ਉਨ੍ਹਾਂ ਨੂੰ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਸ ਮੁਹੱਲੇ ਵਿੱਚ ਕੋਈ ਵੀ ਬਿਮਾਰ ਨਹੀਂ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਇਸ ਕਾਲੋਨੀ ਦੀ ਇੱਕ ਮਹਿਲਾ ਦੀ ਬੀਤੇ ਦਿਨੀਂ ਹਸਪਤਾਲ ਵਿੱਚ ਮੌਤ ਹੋ ਗਈ ਸੀ, ਜਿਸ ਦੀ ਸ਼ੂਗਰ ਕਾਰਨ ਮੌਤ ਹੋਈ ਸੀ ਪਰ ਹਸਪਤਾਲ ਵਾਲਿਆਂ ਨੇ ਉਸ ਨੂੰ ਕੋਰੋਨਾ ਪੌਜੀਟਿਵ ਘੋਸ਼ਿਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਲਾਸ਼ ਵੇਖਣ ਨਹੀਂ ਦਿੱਤੀ। ਲੋਕਾਂ ਨੇ ਇਸ ਮੌਕੇ ਸੈਂਪਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।
ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਫਵਾਹਾਂ ਦੇ ਚੱਲਦੇ ਲੋਕ ਇਸ ਬਿਮਾਰੀ ਤੋਂ ਘਬਰਾਏ ਹੋਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਮਝਾ ਦਿੱਤਾ ਗਿਆ ਹੈ ਅਤੇ ਹੁਣ ਉਹ ਟੈਸਟ ਕਰਵਾਉਣ ਲਈ ਤਿਆਰ ਹਨ।