ਪਟਿਆਲਾ: ਪੁਲਿਸ ਨੇ ਨਸ਼ਿਆਂ ਦੇ ਤਸਕਰਾਂ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ 'ਤੇ ਸਿਕੰਜ਼ਾ ਕਸਿਆ ਹੈ। ਪੁਲਿਸ ਵੱਲੋਂ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਬਕਾਰੀ ਐਕਟ ਤਹਿਤ 617 ਮਾਮਲੇ ਦਰਜ ਕਰਕੇ 544 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਸਮੇਤ 20 ਹਜ਼ਾਰ 61 ਲਿਟਰ ਲਾਹਣ ਬਰਾਮਦ ਕਰਕੇ 19 ਚਾਲੂ ਭੱਠੀਆਂ ਫੜੀਆਂ ਗਈਆਂ ਹਨ। ਜਦਕਿ ਭਾਰੀ ਮਾਤਰਾ 'ਚ ਜਾਇਜ਼ ਤੇ ਨਾਜਾਇਜ਼ ਸ਼ਰਾਬ ਦੀ ਬਰਮਦਗੀ ਹੋਈ ਅਤੇ ਅਜਿਹੇ ਅਨਸਰਾਂ ਤੋਂ ਵੱਡੀ ਗਿਣਤੀ 'ਚ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਡੀ.ਜੀ.ਪੀ. ਦਿਨਕਰ ਗੁਪਤਾ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਕਿਸੇ ਵੀ ਗ਼ੈਰ ਸਮਾਜੀ ਅਨਸਰ ਨੂੰ ਨਸ਼ਿਆਂ ਦੀ ਤਸਕਰੀ ਅਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਬਰਦਾਸ਼ਤ ਨਹੀਂ ਕਰੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 1 ਜਨਵਰੀ 2020 ਤੋਂ ਅੱਜ ਤੱਕ 617 ਮਾਮਲੇ ਦਰਜ ਹੋਏ ਹਨ ਅਤੇ ਗ੍ਰਿਫ਼ਤਾਰ 544 ਵਿਅਕਤੀਆਂ ਤੋਂ ਨਾਜਾਇਜ਼ ਤੌਰ 'ਤੇ ਰੱਖੀ ਗਈ 58882 ਲਿਟਰ ਮਨਜੂਰ ਸ਼ੁਦਾ ਸ਼ਰਾਬ, 3368 ਲਿਟਰ ਨਾਜਾਇਜ਼ ਸ਼ਰਾਬ, 21078 ਲਿਟਰ ਇੰਗਲਿਸ਼ ਵਾਈਨ, 702 ਲਿਟਰ ਰੰਮ, 20061 ਲਿਟਰ ਲਾਹਣ ਅਤੇ 12186 ਲਿਟਰ ਬੀਅਰ ਬਰਾਮਦ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ 3400 ਲਿਟਰ ਸਪਿਰਟ, 9000 ਲਿਟਰ ਕੈਮੀਕਲ ਫੜਨ ਸਮੇਤ ਅਜਿਹੇ ਅਨਸਰਾਂ ਤੋਂ ਸ਼ਰਾਬ ਕੱਢਣ ਦੇ ਸਾਜੋ ਸਮਾਨ ਸਮੇਤ 102 ਚਾਰ ਪਹੀਆ ਤੇ 44 ਦੋ ਪਹੀਆ ਵਾਹਨ ਵੀ ਫੜੇ ਹਨ।
ਜ਼ਿਲ੍ਹੇ 'ਚ ਮਾੜੇ ਅਨਸਰਾਂ ਵਿਰੁੱਧ ਪੁਲਿਸ ਵੱਲੋਂ ਵਿੱਢੀ ਤਿੱਖੀ ਮੁਹਿੰਮ ਬਾਰੇ ਦੱਸਦਿਆਂ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਉਹ ਖ਼ੁਦ ਛਾਪੇਮਾਰੀ ਟੀਮਾਂ ਦੀ ਅਗਵਾਈ ਕਰਦੇ ਹਨ ਤੇ ਕਿਸੇ ਨੂੰ ਵੀ ਲੋਕਾਂ ਦੀ ਜਾਨ ਤੇ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਉਹ ਖ਼ੁਦ ਜਿੱਥੇ ਜਾਅਲੀ ਸ਼ਰਾਬ ਖਰੀਦਣ ਤੋਂ ਗੁਰੇਜ਼ ਕਰਨ ਸਗੋਂ ਅਜਿਹਾ ਧੰਦਾ ਕਰਨ ਵਾਲਿਆਂ ਦੀ ਇਤਲਾਹ ਵੀ ਪੁਲਿਸ ਨੂੰ ਦੇਣ ਤਾਂ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ। ਸਥਾਨਕ ਪੁਲਿਸ ਸਮੇਤ ਸੀਆਈਏ ਸਟਾਫ ਦੀਆਂ ਛਾਪੇਮਾਰੀ ਟੀਮਾਂ ਦੀ ਨਿਗਰਾਨੀ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਤੇ ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ ਕਰਦੇ ਹਨ।