ਪਟਿਆਲਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਟਿਆਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਕੈਪਟਨ ਮੇਰੇ ਤੇ ਸੁਖਬੀਰ ਬਾਦਲ ਪਿੱਛੇ ਪਿਆ ਹੈ ਪਰ ਅਸੀਂ ਡਰਨ ਵਾਲੇ ਨਹੀਂ, ਜੇਲ੍ਹ ਜਾਣ ਨੂੰ ਤਿਆਰ ਹਾਂ।
ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਨਗੇ। ਉਨ੍ਹਾਂ ਕਿਹਾ ਕਿ ਮੋਦੀ ਬਹੁਤ ਤਜ਼ੁਰਬੇਕਾਰ ਹਨ ਜਦੋਂ ਤੋਂ ਉਨ੍ਹਾਂ ਦੇਸ਼ ਦੀ ਵਾਗਡੋਰ ਸੰਭਾਲੀ ਹੈ ਉਨ੍ਹਾਂ ਭਾਰਤ ਨੂੰ ਪੂਰੀ ਦੁਨੀਆਂ 'ਚ ਉੱਚਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਐਡਮਨਿਸਟ੍ਰੇਸ਼ਨ ਦਾ ਕੋਈ ਤਜ਼ੁਰਬਾ ਨਹੀਂ ਹੈ।
ਕਾਂਗਰਸ ਦੇ ਪ੍ਰਧਾਨ ਮੰਤਰੀਆਂ ਉਪਰ ਹਮਲਾ ਕਰਦਿਆਂ ਬਾਦਲ ਨੇ ਕਿਹਾ ਕਿ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਸਭ ਨੇ ਪੰਜਾਬ ਨਾਲ ਵਿਤਕਰਾ ਕੀਤਾ ਹੈ ਜਿਵੇਂ ਕਿ ਨਹਿਰੂ। ਪਰਕਾਸ਼ ਸਿੰਘ ਬਾਦਲ ਨੇ ਮੁਆਫੀ ਵਾਲੇ ਸਵਾਲ ਤੇ ਕਿਹਾ, "ਕਾਂਗਰਸ ਨੇ ਬੁਰੇ ਕੰਮਾਂ ਤੋਂ ਇਲਾਵਾ ਕੀਤਾ ਹੀ ਕੀ ਹੈ, ਜਿਵੇਂ ਹਰਿਮੰਦਰ ਸਾਹਿਬ 'ਤੇ ਹਮਲਾ, ਅਕਾਲ ਤਖ਼ਤ ਨੂੰ ਢਾਹ ਢੇਰੀ, ਪਵਿੱਤਰ ਜਲ ਨੂੰ ਲਹੂ 'ਚ ਬਦਲ ਦਿੱਤਾ, ਲੱਖਾਂ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਾਂਗਰਸ ਪਾਰਟੀ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਮਾਰੇ।"