ਪਟਿਆਲਾ: ਰੋਡਰੇਜ ਮਾਮਲੇ ’ਚ ਜੇਲ੍ਹ ਗਏ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਗਣਤੰਤਰ ਦਿਵਸ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਸੂਬੇ ਦੇ ਜੇਲ੍ਹ ਮਹਿਕਮੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ’ਤੇ ਰਿਹਾਅ (Navjot Sidhu will come out of jail January 26) ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ’ਚ ਸਿੱਧੂ ਦਾ ਨਾਂ ਸ਼ਾਮਲ ਹੈ। ਇਸ ਨੂੰ ਮੁੱਖ ਮੰਤਰੀ ਅਤੇ ਫਿਰ ਸੂਬੇ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਣਾ ਹੈ। ਮੀਡੀਆ ਰਿਪੋਟਾਂ ਦੇ ਅਨੁਸਾਰ ਭਾਰਤ ਸਰਕਾਰ ਦੀ ਨੀਤੀ ਅਨੁਸਾਰ ਹੀ ਸਿੱਧੂ ਦਾ ਨਾਂ ਗਣਤੰਤਰ ਦਿਵਸ ’ਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਪ੍ਰਸਤਾਵਿਤ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਜੇਲ੍ਹ ਮਹਿਕਮੇ ਵੱਲੋਂ ਸਿੱਧੂ ਦੇ ਚੰਗੇ ਵਿਵਹਾਰ ਦੀ ਰਿਪੋਰਟ ਵੀ ਦਿੱਤੀ ਗਈ ਹੈ।
ਕੇਂਦਰ ਸਰਕਾਰ ਦੀ ਗਾਈਡਲਾਈਨ ਦੀ ਮਦਦ: ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਸਰਕਾਰ ਦੀ ‘ਆਜ਼ਾਦੀ ਦਾ ਤਿਉਹਾਰ’ ਵਾਲੀ ਵਿਸ਼ੇਸ਼ ਗਾਈਡਲਾਈਨ ਮੁਤਾਬਕ ਰਿਹਾ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਿੱਧੂ ਦਾ ਮਾਮਲਾ ਵਿਸ਼ੇਸ਼ ਤੌਰ ’ਤੇ ਨਹੀਂ ਲਿਆ ਗਿਆ ਪਰ ਕੇਂਦਰ ਸਰਕਾਰ ਦੀ ਗਾਈਡਲਾਈਨ ਮੁਤਾਬਕ ਬਣੀ ਸੂਚੀ ’ਚ 50 ਤੋਂ ਵੱਧ ਨਾਂ ਹਨ ਜਿਨ੍ਹਾਂ ’ਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਸਿੱਧੂ ਮਈ ਮਹੀਨੇ ਤੋਂ ਜੇਲ੍ਹ ’ਚ ਹਨ ਅਤੇ ਕਲਰਕ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਕੋਈ ਛੁੱਟੀ ਵੀ ਨਹੀਂ ਲਈ ਹੈ ਅਤੇ ਜੇਲ੍ਹ ’ਚ ਉਨ੍ਹਾਂ ਦਾ ਵਿਵਹਾਰ ਚੰਗਾ ਰਿਹਾ ਹੈ। ਸਿੱਧੂ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਚੰਗੇ ਸੰਬੰਧ ਰਹੇ ਹਨ।
ਸਿੱਧੂ ਦੇ ਸੁਆਗਤ ਦੀ ਤਿਆਰੀ: ਕਾਂਗਰਸ ਪਾਰਟੀ ਦੇ ਪਟਿਆਲਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਦੱਸਿਆ ਕਿ 26 ਜਨਵਰੀ ਦੇ ਦਿਨ ਸਜ਼ਾ ਪੂਰੀ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਰਿਹਾ ਹੋਣਗੇ। 12 ਵਜੇ ਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਸੁਆਗਤ ਢੋਲ ਵਜਾ ਕੇ ਲੱਡੂ ਵੰਡ ਕੇ ਕੀਤਾ ਜਾਵੇਗਾ।
ਜੇਲ੍ਹ ਤੋਂ ਰਿਹਾ ਹੋਣ ਤੋ ਬਾਅਦ ਕੀ ਕਰਨਗੇ ਸਿੱਧੂ: ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਦੱਸਿਆ ਕਿ ਰਿਹਾ ਹੋਣ ਤੋਂ ਬਾਅਦ ਸਿੱਧੂ ਦੁਰਗਿਆਣਾ ਮੰਦਰ, ਹਰਿਮੰਦਰ ਸਾਹਿਬ ਧਾਰਮਿਕ ਥਾਵਾਂ ਉਤੇ ਨਤਮਸਤਕ ਹੋਣਗੇ।
ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।
ਇਹ ਵੀ ਪੜ੍ਹੋ:- Year Ender 2022: ਸ਼ਾਹਰੁਖ ਤੋਂ ਲੈ ਕੇ ਆਮਿਰ ਤੱਕ ਇਨ੍ਹਾਂ ਸਿਤਾਰਿਆਂ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕੀਤਾ ਗਿਆ ਟਰੋਲ, ਜਾਣੋ ਕਾਰਨ