ਪਟਿਆਲਾ: ਭੀੜ ਤੇ ਅਕਸਰ ਟ੍ਰੈਫਿਕ ਨਾਲ ਭਰਿਆ ਰਹਿਣ ਵਾਲੇ ਪਟਿਆਲਾ ਦੇ ਇਲਾਕੇ ਤ੍ਰਿਪੜੀ 'ਚ ਭੀੜ ਤੇ ਟ੍ਰੈਫਿਕ ਕਾਰਨ ਹੀ 2 ਗੁੱਟਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵਧਿਆ ਕਿ ਗੱਡੀ ਦੇ ਮਾਲਕ ਨੇ ਦੂਜੀ ਗੱਡੀ ਦੇ ਮਾਲਕ ਦੀ ਦਾੜ੍ਹੀ ਦੀ ਬੇਅਦਬੀ ਕੀਤੀ।
ਦਰਅਸਲ, ਪੀੜਤ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਟੇਸ਼ਨਰੀ ਦਾ ਕੰਮ ਕਰਦੇ ਹਨ ਤੇ ਆਪਣੇ ਪੁੱਤਰ ਤਰਨਜੀਤ ਸਿੰਘ ਨਾਲ ਗੱਡੀ 'ਤੇ ਮਾਲ ਲੋਡ ਕਰ ਕੇ ਲੈ ਜਾ ਰਹੇ ਸੀ ਅਤੇ ਉਹ ਖੁਦ ਪਿੱਛੇ-ਪਿੱਛੇ ਆ ਰਹੇ ਸਨ। ਉਧਰੋਂ ਦੂਜੇ ਪਾਸਿਉਂ ਆ ਰਹੀ ਲੋਡ ਗੱਡੀ ਨੂੰ ਟ੍ਰੈਫਿਕ ਦੇ ਚੱਲਦਿਆਂ ਰਾਹ ਨਾ ਮਿਲਣ 'ਤੇ ਉਕਤ ਗੱਡੀ ਦੇ ਮਾਲਕ ਨੇ ਤਰਨਜੀਤ ਨਾਲ ਬਹਿਸਬਾਜ਼ੀ ਸ਼ੁਰੂ ਕਰ ਲਈ। ਗੱਲ ਦੋਹਾਂ ਵਿਚਾਲੇ ਹੱਥੋ ਪਾਈ ਤੱਕ ਪਹੁੰਚ ਗਈ। ਬੇਟੇ ਨੇ ਫੋਨ ਕਰ ਪਿਤਾ ਨੂੰ ਝਗੜੇ ਦੀ ਜਾਣਕਾਰੀ ਦਿੱਤੀ ਤੇ ਅਮਰਜੀਤ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਦੂਜੀ ਗੱਡੀ ਦੇ ਡਰਾਈਵਰ ਨੇ ਅਮਰਜੀਤ ਨਾਲ ਝਗੜਦੇ ਹੋਏ ਉਸ ਦੀ ਦਾੜ੍ਹੀ ਨੂੰ ਹੱਥ ਪਾਇਆ।
ਪੀੜਤ ਮੁਤਾਬਕ, ਛੋਟੀ ਜਿਹੀ ਗੱਲ ਤੋਂ ਵਧੇ ਝਗੜੇ ਨੇ ਉਸ ਵੇਲੇ ਧਰਨੇ ਦਾ ਰੂਪ ਲੈ ਲਿਆ ਜਦੋਂ ਥਾਣੇ ਜਾਣ 'ਤੇ ਅਮਰਜੀਤ ਸਿੰਘ ਦੀ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕੀਤਾ।ਮ ਜਿਸ ਨਾਲ ਝਗੜਾ ਹੋਇਆ ਉਸ ਵਿਅਕਤੀ ਦੀ ਪਛਾਣ ਮਯੂਰ ਚਾਵਲਾ ਵਜੋਂ ਹੋਈ ਹੈ ਜੋ ਕਿ ਤ੍ਰਿਪੜੀ ਦਾ ਹੀ ਰਹਿਣ ਵਾਲਾ ਹੈ।
ਥਾਣਾ ਤ੍ਰਿਪੜੀ ਦੇ ਐਸਐਚਓ ਹਰਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਵਿਰੋਧੀ ਧਿਰ ਦਾ ਪਤਾ ਲਗਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੈਪਟਨ ਦੀ ਸਲਾਹ, ਹਿਟਲਰ ਦੀ ਸਵੈ-ਜੀਵਨੀ ਪੜਨ ਸੁਖਬੀਰ ਬਾਦਲ