ਪਟਿਆਲਾ: ਪਟਿਆਲਾ 'ਚ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੈਸਟਰਨ ਕਮਾਂਡ ਪੋਲੋ ਚੈਲੇਂਜ ਪ੍ਰਦਰਸ਼ਨੀ ਦੇ ਮੈਚ ਕਰਵਾਏ ਗਏ। ਇਸ ਮੌਕੇ ਮੈਚ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਪੀ.ਵੀ.ਐਸ.ਐਮ. ਨੇ ਕੀਤੀ।
ਇਸ ਮੇਲੇ ਦੇ ਉਤਸਵਾਂ ਵਜੋਂ ਵੈਸਟਰਨ ਕਮਾਂਡ ਪੋਲੋ ਚੈਲੇਂਜ ਦਾ ਪ੍ਰਦਰਸ਼ਨੀ ਮੈਚ ਪਟਿਆਲਾ ਰੇਡਰਜ ਅਤੇ ਪਟਿਆਲਾ ਚਾਰਜਰਸ ਦੀ ਟੀਮ ਵਿਚਾਲੇ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਸੰਗਰੂਰ ਰੋਡ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਪਟਿਆਲਾ ਰੇਡਰਜ ਦੀ ਟੀਮ ਨੇ ਇਹ ਮੈਚ 5-3 ਦੇ ਫ਼ਰਕ ਨਾਲ ਜਿੱਤ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਸਥਾਨਕ ਦਰਸ਼ਕਾਂ ਨੇ ਘੋੜ ਸਵਾਰਾਂ ਦੇ ਪੋਲੋ ਮੈਚ ਦਾ ਭਰਪੂਰ ਆਨੰਦ ਮਾਣਿਆ।
ਇਸ ਮੈਚ ਦੀ ਪ੍ਰਧਾਨਗੀ ਲਈ ਪਹੁੰਚੇ ਟੀ.ਐਸ. ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਨੂੰ ਪੂਰਾ ਕਰਦਿਆਂ ਰਾਜ ਸਰਕਾਰ ਨੌਜਵਾਨਾਂ ਨੂੰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰ ਰਹੀ ਹੈ, ਜਿਸ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਵੀ ਸਥਾਪਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ ਸਿਆਸੀ ਸੰਕਟ: ਭਾਜਪਾ ਦੇ ਭਵਿੱਖ 'ਤੇ ਹੁਣ ਮੰਗਲਵਾਰ ਨੂੰ ਸੁਪਰੀਮ ਕੋਰਟ ਸੁਣਾਵੇਗਾ ਫ਼ੈਸਲਾ
ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਏ ਗਏ 'ਦੀ ਵੈਸਟਰਨ ਕਮਾਂਡ ਪੋਲੋ ਚੈਲੇਂਜ ਦੇ ਪ੍ਰਦਰਸ਼ਨੀ ਮੈਚ ਮੌਕੇ ਪਟਿਆਲਾ ਰੇਡਰਜ ਵਾਲੀ ਅਰਜਨਾ ਅਵਾਰਡੀ, ਭਾਰਤੀ ਟੀਮ ਦੇ ਕੈਪਟਨ ਤੇ ਵਿਸ਼ਵ ਕੱਪ ਖਿਡਾਰੀ ਕਰਨਲ ਰਵੀ ਰਾਠੌਰ ਦੀ ਟੀਮ ਨੇ ਇਸ ਖੇਡ ਦੇ ਚਾਰੇ ਚੱਕਰਾਂ ਦੌਰਾਨ ਵਿਰੋਧੀ ਟੀਮ ਪਟਿਆਲਾ ਚਾਰਜਰਸ 'ਤੇ ਦਬਾਅ ਬਣਾਈ ਰੱਖਿਆ। ਕਰਨਲ ਰਾਠੌਰ ਨੇ ਚਾਰ ਚੱਕਰਾਂ ਦੌਰਾਨ 5 ਗੋਲ ਕੀਤੇ। ਦੋਵੇਂ ਟੀਮਾਂ ਪਹਿਲੇ ਤੀਜੇ ਚੱਕਰ 'ਚ 3-3 ਗੋਲਾਂ ਨਾਲ ਬਰਾਬਰ ਪੁੱਜ ਗਈਆਂ ਸਨ। ਪਰੰਤੂ ਤੀਜੇ ਤੇ ਚੌਥੇ ਚੱਕਰਾਂ 'ਚ ਕਰਨਲ ਰਵੀ ਰਾਠੌਰ ਨੇ ਦੋ ਗੋਲ ਕਰਦਿਆਂ ਪਟਿਆਲਾ ਚਾਰਜਰਸ ਦੀ ਟੀਮ 'ਤੇ ਜਿੱਤ ਹਾਸਲ ਕੀਤੀ।