ਪਟਿਆਲਾ: ਇੱਥੋਂ ਦੇ ਆਦਰਸ਼ ਨਗਰ ਵਿੱਚ ਇੱਕ 52 ਸਾਲਾ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ ਸੁਰੇਸ਼ ਕੁਮਾਰ ਵਜੋਂ ਹੋਈ ਹੈ ਤੇ ਉਸ ਦੀ ਪਤਨੀ ਦਾ ਨਾਂਅ ਵੀਣਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਘਟਨਾ ਸਥਾਨ 'ਤੇ ਪੁੱਜੇ ਡੀਐੱਸਪੀ ਯੋਗੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਘਰੇਲੂ ਝਗੜੇ ਕਾਰਨ ਪਤੀ-ਪਤਨੀ ਵਿਚਾਲੇ ਤਕਰਾਰ ਹੋਈ ਸੀ ਜਿਸ ਕਾਰਨ ਸੁਰੇਸ਼ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸੁਰੇਸ਼ ਨੇ ਆਪਣੀ ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਨਬਜ਼ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਸੁਰੇਸ਼ ਨੂੰ ਇਲਾਜ ਲਈ ਸਥਾਨਕ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਕਤਲ ਲਈ ਵਰਤਿਆ ਗਿਆ ਚਾਕੂ ਤੇ ਮੁਲਜ਼ਮ ਵੱਲੋਂ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ।