ਨਾਭਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਵਧਦੀ ਹੀ ਜਾ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਲੋਕ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚ ਸਕਣ। ਪਰ ਪਟਿਆਲਾ ਜ਼ਿਲ੍ਹੇ ਵਿੱਚ ਦੋ ਥਾਵਾਂ 'ਤੇ ਹੀ ਟੀਕਾਕਰਨ ਹੋ ਰਹੇ ਹਨ ਅਤੇ ਬਾਕੀ ਦੇ ਸ਼ਹਿਰਾਂ ਵਿਚ ਟੀਕਾਕਰਨ ਬਿਲਕੁਲ ਬੰਦ ਹੈl ਜਿਸ ਦਾ ਕਾਰਨ ਹੈ ਕਿ ਵੈਕਸੀਨ ਨਾ ਹੋਣ ਕਾਰਨ ਇਹ ਟੀਕਾਕਰਨ ਬੰਦ ਕਰ ਦਿੱਤਾ ਗਿਆ ਹੈ।ਲੋਕ ਟੀਕੇ ਲਗਵਾਉਣ ਲਈ ਆ ਰਹੇ ਹਨ ਪਰ ਵੈਕਸੀਨ ਨਾ ਹੋਣ ਕਰਕੇ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਪਹਿਲਾਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਵੈਕਸੀਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਪਰ 45 ਸਾਲ ਤੋਂ ਉਪਰਲੇ ਵਿਅਕਤੀਆਂ ਦੀ ਵੈਕਸੀਨ ਅਜੇ ਪੂਰੀ ਨਹੀਂ ਹੋਈ ਕਿ ਸਰਕਾਰ ਵੱਲੋਂ 18 ਸਾਲ ਤੋਂ ਲੈ ਕੇ 44 ਸਾਲ ਦੇ ਵਿਅਕਤੀਆਂ ਦੀ ਵੈਕਸੀਨ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੋਕ ਹੁਣ ਖੱਜਲ ਖੁਆਰ ਹੁੰਦੇ ਵਿਖਾਈ ਦੇ ਰਹੇ ਹਨ ਕਿਉਂਕਿ ਅਜੇ ਪਹਿਲਾਂ ਪਹਿਲੇ ਪੜਾਅ ਦੇ ਟੀਕਾਕਰਨ ਤਾਂ ਅਜੇ ਸਾਰੇ ਵਿਅਕਤੀਆਂ ਦੇ ਲੱਗੇ ਹੀ ਨਹੀਂ ਸੀ ਕਿ ਦੂਜੇ ਪੜਾਅ ਵਿੱਚ ਅਠਾਰਾਂ ਸਾਲ ਤੋਂ ਚੁਤਾਲੀ ਸਾਲਾਂ ਦੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪਟਿਆਲੇ ਵਿਚ ਮਾਡਲ ਟਾਊਨ ਸਕੂਲ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਹੀ ਟੀਕਾਕਰਨ ਹੋ ਰਿਹਾ ਹੈ ਅਤੇ ਬਾਕੀ ਪਟਿਆਲਾ ਦੇ ਸ਼ਹਿਰਾਂ ਵਿੱਚ ਟੀਕਾਕਰਨ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਵੈਕਸੀਨ ਦੀ ਘਾਟ ਦੇ ਚੱਲਦੇ ਇਹ ਕਦਮ ਚੁੱਕਣਾ ਪਿਆ।
ਸਿਵਲ ਸਰਜਨ ਦਲਬੀਰ ਕੌਰ ਨੇ ਵੀ ਮੰਨਿਆ ਹੈ ਕਿ ਵੈਕਸੀਨ ਦੀ ਘਾਟ ਹੋਣ ਕਰਕੇ ਵੈਕਸੀਨ ਬੰਦ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਜੋ ਅਠਾਰਾਂ ਸਾਲਾਂ ਤੋਂ ਲੈ ਕੇ ਚੁਤਾਲੀ ਸਾਲ ਤਕ ਕੈਂਪ ਸੀ ਉਹ ਵੀ ਰੱਦ ਕਰ ਦਿੱਤੇ ਗਏ ਹਨ । ਜਦੋਂ ਉਨ੍ਹਾਂ ਨੂੰ ਪੁੱਛਿਆ ਕਿ 45 ਸਾਲ ਤੋਂ ਉਪਰਲੇ ਵਿਅਕਤੀਆਂ ਦਾ ਅਜੇ ਟੀਕਾਕਰਨ ਪੂਰਾ ਵੀ ਨਹੀਂ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾ ਆ ਰਹੀਆਂ ਹਨ ਉਸੇ ਤਰ੍ਹਾਂ ਹੀ ਸਾਨੂੰ ਕਰਨਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਅਜੇ ਨਾਭਾ ਸ਼ਹਿਰ ਵਿੱਚ ਅਠਾਰਾਂ ਹਜ਼ਾਰ ਵਿਅਕਤੀਆਂ ਦੀ ਵੈਕਸੀਨ ਹੋਈ ਹੈ ।
ਇਸ ਮੌਕੇ ਲਾਭਪਾਤਰੀ ਸੁਰਿੰਦਰ ਨੇ ਕਿਹਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਆ ਰਿਹਾ ਹਾਂ ਪਰ ਟੀਕਾ ਨਹੀ ਲੱਗ ਸਕਿਆ ਹੈ।ਇਸ ਬਾਰੇ ਲਤਾ ਸ਼ਰਮਾ ਨੇ ਕਿਹਾ ਹੈ ਕਿ ਵੈਕਸੀਨ ਨਾ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ:ਲੁਧਿਆਣਾ 'ਚ 18 ਤੋਂ 44 ਸਾਲ ਦੀ ਉਮਰ ਦੇ 50 ਹਜ਼ਾਰ ਦੇ ਕਰੀਬ ਲੋਕ ਕਰਵਾ ਚੁੱਕੇ ਹਨ ਟੀਕਾਕਰਨ