ਪਟਿਆਲਾ: ਸੂਬੇ ਭਰ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਡੁੱਬਦਾ ਜਾ ਰਿਹਾ ਹੈ। ਪਟਿਆਲਾ 'ਚ ਸਥਿਤ ਵੱਡੀ ਨਦੀ ਨਾਲ ਲੱਗਦੀ ਗੋਪਾਲ ਕਲੋਨੀ 'ਚ ਪਾਣੀ ਕਾਫ਼ੀ ਭਰ ਗਿਆ ਹੈ।
ਗੋਪਾਲ ਕਲੋਨੀ ਵਿੱਚ ਆਏ ਪਾਣੀ ਕਾਰਨ ਢਾਈ ਸੌ ਪਰਿਵਾਰ ਨੁਕਸਾਨੇ ਗਏ ਹਨ ਜੋ ਕਿ ਆਪਣਾ ਘਰ ਬਾਰ ਛੱਡ ਕੇ ਬਾਹਰ ਰਹਿਣ ਲਈ ਮਜਬੂਰ ਹੋ ਗਏ ਹਨ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਵੱਡੀ ਨਦੀ ਨਾਲ ਲੱਗਦੀ ਗੋਪਾਲ ਕਲੋਨੀ 'ਚ ਪਾਣੀ ਨਾਲ ਭਰੇ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਾ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ ਤੇ ਲੋਕਾਂ ਲਈ ਮੈਡੀਕਲ ਅਤੇ ਖਾਣ-ਪੀਣ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਡੀ ਨਦੀ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।