ਪਟਿਆਲ਼ਾ: ਸ਼ਹਿਰ ਵਿੱਚ ਇੱਕ ਧਰਨਾ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਸ਼ਾਹੀ ਸ਼ਹਿਰ ਵਿੱਚ ਬਿਜਲੀ ਕਰਮਚਾਰੀਆਂ ਨੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਤੋਂ ਬਿਜਲੀ ਬੋਰਡ 'ਚ ਕੰਮ ਕਰ ਰਹੇ ਦਰਜਾ ਚਾਰ ਕਾਰਮਚਾਰੀਆਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ। ਇਹ ਸਿਰਫ਼ ਤਿੰਨ ਹਜ਼ਾਰ ਦੀ ਨਿਗੂਣੀ ਤਨਖ਼ਾਹ ਉਪਰ ਕੰਮ ਕਰ ਰਹੇ ਹਨ।
ਸਰਕਾਰ ਤੋਂ ਦੁਖੀ ਹੋ ਕੇ ਅੱਜ ਇਨ੍ਹਾਂ ਵੱਲੋਂ ਮਿੱਟੀ ਦਾ ਤੇਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਰਮਚਾਰੀਆਂ ਦੀ ਪ੍ਰਧਾਨ ਬਿਮਲਾ ਦਾ ਕਹਿਣਾ ਹੈ ਕਿ ਇਹ ਨੌਜਵਾਨ ਓਦੋਂ ਤੱਕ ਟੈਂਕੀ ਤੋਂ ਨਹੀਂ ਉਤਰਨਣਗੇ ਜਦੋਂ ਤੱਕ ਇਨ੍ਹਾਂ ਦੀ ਮੌਤ ਨਹੀਂ ਹੋ ਜਾਂਦੀ ਜਾਂ ਸਰਕਾਰ ਇਨ੍ਹਾਂ ਨੂੰ ਪੱਕਾ ਨਹੀਂ ਕਰਦੀ।
ਤੁਹਾਨੂੰ ਦਸ ਦੇਈਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਹੁਣ ਬੇਰੁਜ਼ਗਾਰ ਬਿਜਲੀ ਕਾਮੇ ਵੀ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੂੰ ਪਰਿਵਾਰਕ ਮੈਂਬਰ ਦੀ ਮੌਤ ਹੋਣ ਤੋਂ ਬਾਅਦ ਨੌਕਰੀ ਦਿੱਤੀ ਜਾਣੀ ਸੀ ਪਰ 10-10 ਸਾਲ ਬੀਤਣ ਤੋਂ ਬਾਅਦ ਵੀ ਇਹ ਕਾਮੇ ਸਰਕਾਰ ਦੀਆਂ ਡਾਂਗਾਂ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ।