ਸਿਵਲ ਹਸਪਤਾਲ ਰਾਜਪੁਰਾ, ਸਿਵਲ ਹਸਪਤਾਲ ਨਾਭਾ, ਸਿਵਲ ਹਸਪਤਾਲ ਸਮਾਨਾ ਅਤੇ ਸਿਵਲ ਹਸਪਤਾਲ ਪਟਿਆਲਾ ਸ਼ਹਿਰ ਨੂੰ ਕੁੱਲ 50.37 ਲੱਖ ਦੀ ਲਾਗਤ ਨਾਲ ਐਮਪੀਐੱਲਡੀ ਫੰਡ ਵਿਚੋਂ 4 ਆਧੁਨਿਕ ਫੋਰਸ ਵਨ ਐਮਬੁਲੈਂਸ ਨੂੰ ਹਰੀ ਝੰਡੀ ਦਿੱਤੀ ਗਈ।
ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਉਹ ਬਿਆਜ਼ ਸਣੇ 25 ਕਰੋੜ 59 ਲੱਖ ਦੀ ਐੱਮਪੀ ਲੈਡ ਫੰਡ ਦੀ ਰਾਸ਼ੀ ਪੂਰੀ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਨਾਲ ਸਾਰੇ ਹਲਕੇ ਵਿਚ ਵੰਡ ਚੁੱਕੇ ਹਨ ਅਤੇ ਇਸ ਵਿਚੋਂ 1,000 ਦੇ ਕਰੀਬ ਸਕੂਲਾਂ ਨੂੰ ਟਾਇਲਟ, ਬੈਂਚ ਅਤੇ ਆਰਓ ਸਿਸਟਮ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਾਰੀਆਂ ਜਾਤਾਂ ਦੇ 138 ਸਾਂਝੇ ਸ਼ਮਸ਼ਨਘਾਟ ਦੇਣ ਦਾ ਕੰਮ ਵੀ ਕੀਤਾ ਹੈ।
ਇਸ ਦੇ ਨਾਲ ਹੀ ਪਟਿਆਲਾ ਐੱਮਪੀ ਨੇ ਰਾਜਪੁਰਾ ਬਠਿੰਡਾ ਰੇਲ ਲਾਈਨ ਦਾ ਦੋਹਰੀਕਰਨ ਅਤੇ ਬਿਜਲੀਕਰਨ ਦਾ ਕੰਮ 1500 ਕਰੋੜ ਦੀ ਲਾਗਤ ਨਾਲ ਮਨਜ਼ੂਰ ਕਰਾਉਣ 'ਤੇ ਕੰਮ ਦੇ ਸ਼ੁਰੂ ਹੋਣ 'ਤੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਲਕੇ 'ਚ 2250 ਪ੍ਰੋਜੈਕਟ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਸਿਆਸੀ ਭੇਦਭਾਵ ਤੋਂ ਨਿਰਪੱਖ ਤਰੀਕੇ ਨਾਲ ਨੇਪਰੇ ਚਾੜੇ ਹਨ।
ਉਨ੍ਹਾਂ ਕਿਹਾ ਕਿ ਹਲਕੇ ਦਾ ਕੋਈ ਵੀ ਵਿਅਕਤੀ ਇਕ-ਇਕ ਰੁਪਏ ਦਾ ਹਿਸਾਬ ਉਨ੍ਹਾਂ ਕੋਲੋਂ ਮੰਗ ਸਕਦਾ ਹੈ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਨਾਲ ਹਲਕੇ ਦੇ ਵਿਕਾਸ ਨੂੰ ਗਤੀ ਮਿਲਣ 'ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਮੌਜੂਦ ਡਾ. ਸਾਹਿਬਾਨ ਅਤੇ ਹੋਰ ਅਮਲੇ ਨੇ ਸਿਹਤ ਸਹੂਲਤਾਂ ਦੀ ਬੇਹਤਰੀ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।