ਪਟਿਆਲਾ: ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੱਲੋਂ ਬੀਤੇ ਦਿਨੀਂ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਪਰਨੀਤ ਕੌਰ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਡਾ. ਧਰਮਵੀਰ ਗਾਂਧੀ ਆਪਣੇ ਚੋਣ ਪ੍ਰਚਾਰ ਸਮੇਂ ਜੋ ਕੀਤੇ ਗਏ ਕੰਮਾ ਦਾ ਵੇਰਵਾ ਦੇ ਰਹੇ ਹਨ, ਉਹ ਕੰਮ ਤਾਂ ਕਾਂਗਰਸ ਦੀ ਸਰਕਾਰ ਸਮੇਂ ਹੋਏ ਸਨ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਡਾ. ਗਾਂਧੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਚਾਹੁੰਦੇ ਹਨ। ਜਿਸ ਦਾ ਜਵਾਬ ਡਾ. ਗਾਂਧੀ ਨੇ ਪੂਰੇ ਸਬੂਤਾਂ ਦੇ ਨਾਲ ਮੀਡੀਆ ਸਾਹਮਣੇ ਦਿੱਤਾ।
ਡਾ. ਗਾਂਧੀ ਨੇ ਸਬਤੋਂ ਪਹਿਲਾਂ ਪਾਸਪੋਰਟ ਦਫ਼ਤਰ ਬਣਵਾਉਣ ਲਈ ਜੋ ਚਿੱਠੀਆਂ ਲਿੱਖੀਆਂ ਸਨ ਉਸਨੂੰ ਪੇਸ਼ ਕੀਤਾ ਅਤੇ ਜੋ ਮਨਜ਼ੂਰੀ ਆਈ ਉਹ ਵੀ ਪੇਸ਼ ਕੀਤਾ ਜਿਸ ਤੋਂ ਬਾਅਦ ਡਾ. ਗਾਂਧੀ ਨੇ ਰਾਜਪੁਰਾ ਤੋਂ ਬਠਿੰਡਾ ਡਬਲ ਰੇਲਵੇ ਲਾਈਨ ਅਤੇ ਰਾਜਪੁਰਾ ਤੋਂ ਮੋਹਾਲੀ ਰੇਲਵੇ ਪ੍ਰੋਜੈਕਟ ਦੀਆਂ ਨਰਿੰਦਰ ਮੋਦੀ ਨਾਲ ਆਪਣੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ, ਜਿਸ ਵਿੱਚ ਉਹ ਨਰਿੰਦਰ ਮੋਦੀ ਨੂੰ ਪ੍ਰੋਜੈਕਟ ਵਿਖਾ ਰਹੇ ਹਨ।
ਡਾ. ਗਾਂਧੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਨੰਦ ਮੈਰਿਜ ਐਕਟ ਦੀ ਤਾਂ ਕਦੇ ਗੱਲ ਕੀਤੀ ਹੀ ਨਹੀਂ, ਉਹ ਤਾਂ ਸਿੱਖ ਮੈਰਿਜ ਬਿੱਲ ਦੀ ਗੱਲ ਕਰਦੇ ਸਨ ਜੋ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਡਾ. ਧਰਮਵੀਰ ਗਾਂਧੀ ਵਲੋਂ ਪਰਨੀਤ ਕੌਰ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਖੁੱਲੀ ਬਹਿਸ ਦਾ ਸੱਦਾ ਵੀ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਘਟੀਆਂ ਕਿਸਮ ਦੀ ਰਾਜਨੀਤੀ ਦੱਸਿਆ।