ਪਟਿਆਲਾ: ਖੇਤੀ ਕਾਨੂੰਨ ਵਿਰੁੱਧ ਰਾਹੁਲ ਗਾਂਧੀ ਪੰਜਾਬ ਵਿੱਚ 3 ਦਿਨਾਂ ਦੇ ਦੌਰੇ ਉੱਤੇ ਹਨ। ਅੱਜ ਰਾਹੁਲ ਗਾਂਧੀ ਦੇ ਦੌਰੇ ਦਾ ਦੂਜਾ ਦਿਨ ਹੈ। ਦੂਜੇ ਦਿਨ ਦੇ ਦੌਰੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਮਾਣਾ ਵਿਖੇ ਸੰਬੋਧਨ ਕੀਤਾ। ਇਸ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ 1000 ਦੇ ਕਰੀਬ ਟਰੈਕਟਰ ਮਾਰਚ ਰਾਹੀਂ ਸਮਾਣਾ ਲਈ ਰਵਾਨਾ ਹੋਏ। ਧਰਮਸੋਤ ਖੁਦ ਟਰੈਕਟਰ ਚਲਾ ਕੇ ਆਪਣੇ ਵਰਕਰਾਂ ਨਾਲ ਟਰੈਕਟਰ ਦੇ ਕਾਫ਼ਲੇ ਵਿੱਚ ਸ਼ਾਮਲ ਹੋਏ।
ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ਲਿਆਂਦਾ ਗਿਆ ਹੈ। ਉਸ ਦੇ ਵਿਰੋਧ ਵਿੱਚ ਕਾਂਗਰਸ ਦੇ ਰਾਹੁਲ ਗਾਂਧੀ ਵੱਲੋਂ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ।
ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਅਤੇ ਅਕਾਲੀ ਦਲ ਉੱਤੇ ਵਾਰ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਕੋਨੇ-ਕੋਨੇ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕਰਨਗੇ ਅਤੇ ਨਰਿੰਦਰ ਮੋਦੀ ਵੱਲੋਂ ਜੋ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਬਿਲਕੁਲ ਹੀ ਕਿਸਾਨਾਂ ਦੇ ਖ਼ਿਲਾਫ਼ ਹੈ। ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਨਾਲ ਜਿੱਥੇ ਕਿਸਾਨ ਮਜ਼ਦੂਰ ਆੜ੍ਹਤੀਏ ਕਮਜ਼ੋਰ ਹੋਣਗੇ। ਉੱਥੇ ਹੀ ਟਰਾਂਸਪੋਰਟ ਉੱਤੇ ਵੀ ਇਸ ਦਾ ਅਸਰ ਪਵੇਗਾ। ਧਰਮਸੋਤ ਨੇ ਕਿਹਾ ਕਿ ਜੋ ਕਿਸਾਨ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਰਹੇ ਹਨ ਬਿਲਕੁਲ ਠੀਕ ਹੀ ਕਰ ਰਹੇ ਹਨ।
ਅਕਾਲੀਆਂ ਵੱਲੋਂ ਜੋ ਰਾਹੁਲ ਗਾਂਧੀ ਦੇ ਦੌਰੇ ਨੂੰ ਸੈਰ ਸਪਾਟਾ ਆਖਿਆ ਤਾਂ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਨੇ ਕਿਸਾਨਾਂ ਨੂੰ ਬਿਪਤਾ ਪਾਈ ਹੋਈ ਹੈ ਅਤੇ ਇਹ ਦੋਵੇਂ ਭਾਈਵਾਲ ਹਨ ਅਤੇ ਇਸ ਤਰ੍ਹਾਂ ਦੀਆਂ ਇਹ ਗੱਲਾਂ ਕਰ ਰਹੇ ਹਨ।