ਪਟਿਆਲਾ: ਰਜਿੰਦਰਾ ਹਸਪਤਾਲ ਦੀ ਮੋਰਚਰੀ 'ਚ ਮ੍ਰਿਤਕ ਦੇਹਾਂ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੁਧਿਆਣਾ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਉੱਥੇ ਹੀ ਧੂਰੀ ਦੇ ਰਹਿਣ ਵਾਲੇ ਵਿਅਕਤੀ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਸੇ ਦੌਰਾਨ ਦੋਹਾਂ ਦੀਆਂ ਮ੍ਰਿਤਕ ਦੇਹਾਂ ਬਦਲ ਗਈਆਂ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਟਿਆਲਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਲੁਧਿਆਣਾ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਅਤੇ ਉਸ ਦਾ ਪੁੱਤਰ ਖ਼ੁਦ ਪਛਾਣ ਕੇ ਉਸ ਦੀ ਮ੍ਰਿਤਕ ਦੇਹ ਲੈ ਕੇ ਗਿਆ ਸੀ ਪਰ ਲੁਧਿਆਣਾ ਜਾ ਕੇ ਵੇਖਿਆ ਤਾਂ ਲਾਸ਼ ਬਦਲੀ ਹੋਈ ਸੀ।
ਇਸ ਬਾਰੇ ਜਦੋਂ ਜਾਣਕਾਰੀ ਮਿਲੀ ਤਾਂ ਤੁਰੰਤ ਉੱਥੋਂ ਮ੍ਰਿਤਕ ਦੇਹ ਬਦਲ ਦਿੱਤੀ ਗਈ। ਲੁਧਿਆਣਾ ਵਾਲਿਆਂ ਨੂੰ ਉਨ੍ਹਾਂ ਦੇ ਬਜ਼ੁਰਗਾਂ ਦੀ ਮ੍ਰਿਤਕ ਦੇਹ ਦੇ ਦਿੱਤੀ ਗਈ ਅਤੇ ਦੂਜੀ ਪਟਿਆਲਾ ਵਾਲਿਆਂ ਨੂੰ ਦੇ ਦਿੱਤੀ ਗਈ। ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜੋ ਵਿਅਕਤੀ ਲੁਧਿਆਣਾ ਤੋਂ ਆਪਣੇ ਪਿਤਾ ਦੀ ਮ੍ਰਿਤਕ ਦੇਹ ਪਛਾਣ ਕੇ ਲੈ ਗਿਆ ਸੀ ਉਸ ਨੇ ਵੀ ਆਪਣੀ ਗ਼ਲਤੀ ਮੰਨੀ ਹੈ।
ਦੂਜੇ ਪਾਸੇ ਸੰਗਰੂਰ ਧੂਰੀ ਦੇ ਰਹਿਣ ਵਾਲੇ ਵਿਅਕਤੀ ਦੀ ਮ੍ਰਿਤਕ ਦੇਹ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮ੍ਰਿਤਕ ਦੇਹ ਸਾਡੀ ਹੀ ਹੈ ਅਸੀਂ ਪਛਾਣ ਵੀ ਲਈ ਤੇ ਜਿੱਥੇ ਦਸਤਖ਼ਤ ਕਰਨੇ ਹਨ ਉਹ ਵੀ ਕਰ ਦਿੱਤੇ ਹਨ।