ਪਟਿਆਲਾ: ਭਾਰਤ ਦੇ ਕਲਾਸੀਕਲ ਸੰਗੀਤ ਤੇ ਨਾਚ ਨੂੰ ਨਵੀਂ ਪੀੜ੍ਹੀ ‘ਚ ਵਧੇਰੇ ਮਕਬੂਲ ਬਣਾਉਣ ਲਈ ਪੰਜਾਬ ਦੇ ਸਰਕਾਰੀ ਸਕੂਲ ‘ਚ ਲਗਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਲਾਈ ਜਾ ਰਹੀਆਂ ਹਨ। ਇਸ ਤਹਿਤ ਮੰਗਲਵਾਰ ਨੂੰ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਕੋਲਕੱਤਾ ਤੋਂ ਆਈ ਨ੍ਰਿਤਕੀ ਸ਼ਤਾਬਦੀ ਮਲਿਕ ਨੇ ਕਲਾਸੀਕਲ ਨਾਚ ਦੀ ਇੱਕ ਦਿਨਾ ਵਰਕਸ਼ਾਪ ਲਗਾਈ।
ਸਪਿਕ ਮਾਕੈ ਸੰਸਥਾ ਦੇ ਬੈਨਰ ਹੇਠ ਪੰਜਾਬ ਦੇ 130 ਸਰਕਾਰੀ ਸਕੂਲਾਂ ‘ਚ ਲਗਾਈਆਂ ਜਾਣ ਵਾਲੀਆਂ ਕਲਾਸੀਕਲ ਨਾਚ ਦੀਆਂ ਵਰਕਸ਼ਾਪਾਂ ਤਹਿਤ ਪਟਿਆਲਾ ਜਿਲ੍ਹੇ ਦੇ 5 ਸਕੂਲਾਂ ‘ਚ ਇਹ ਵਰਕਸ਼ਾਪ ਲਗਾਈ ਜਾਣੀ ਹੈ। ਇਹ ਵਰਕਸ਼ਾਪ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਦੀ ਅਗਵਾਈ ‘ਚ ਲਗਾਈ ਗਈ ਜਿਸ ਦਾ ਸੰਚਾਲਨ ਡਾ. ਪੁਸ਼ਪਿੰਦਰ ਕੌਰ ਤੇ ਸੁਖਵਿੰਦਰ ਕੌਰ ਨੇ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਕੋਲਕੱਤਾ ਤੋਂ ਆਈ ਨ੍ਰਿਤ ਮਾਹਿਰ ਸ਼ਤਾਬਦੀ ਮਲਿਕ ਦਾ ਸਨਮਾਨ ਕੀਤਾ। ਸ਼ਤਾਬਦੀ ਮਲਿਕ ਨੇ ਇਸ ਮੌਕੇ ਉੜੀ ਨਾਚ ਦੀ ਪੇਸ਼ਕਾਰੀ ਦੇਣ ਦੇ ਨਾਲ-ਨਾਲ ਵਿਦਿਆਰਥਣਾਂ ਇਸ ਨਾਟਕ ਦੀਆਂ ਬਾਰੀਕੀਆਂ ਸਮਝਾਈਆਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਕਲਾਸੀਕਲ ਨਾਚ ਕਰਵਾਇਆ।
ਸ਼ਤਾਬਦੀ ਨੇ ਕਿਹਾ ਕਿ ਭਾਰਤ ਦੇ ਹਰੇਕ ਨਾਚ ਪਿੱਛੇ ਕੋਈ ਨਾ ਕੋਈ ਕਹਾਣੀ ਛੁਪੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਇਨਸਾਨ ਨੂੰ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਵੀ ਪ੍ਰਦਾਨ ਕਰਦੇ ਹਨ। ਸ਼ਤਾਬਦੀ ਨੇ ਆਪਣੀ ਨ੍ਰਿਤ ਪੇਸ਼ਕਾਰੀ ਰਾਹੀਂ ਭਗਵਾਨ ਕ੍ਰਿਸ਼ਨ ਦੀ ਲੀਲਾ ਦੀ ਖੂਬਸੂਰਤ ਪੇਸ਼ਕਾਰੀ ਰਾਹੀਂ ਵਿਦਿਆਰਥਣਾਂ ਦਾ ਮਨ ਮੋਹ ਲਿਆ। ਵਿਦਿਆਰਥਣਾਂ ਨੇ ਕਲਾਸੀਕਲ ਨਾਚ ‘ਚ ਬਹੁਤ ਰੁਚੀ ਨਾਲ ਹਿੱਸਾ ਲਿਆ। ਅਖੀਰ ‘ਚ ਲੈਕਚਰਾਰ ਵਰਿੰਦਰ ਵਾਲੀਆ ਤੇ ਰਣਜੀਤ ਸਿੰਘ ਬੀਰੋਕੇ ਨੇ ਸਭ ਦਾ ਧੰਨਵਾਦ ਕੀਤਾ।