ਪਟਿਆਲਾ: ਪੰਜਾਬ ਸਰਕਾਰ ਵੱਲੋਂ ਮਹਾਂਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਲਿਆਂਦੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਾਤਾ ਨਾਨਕੀ ਸਰਾਂ 'ਚ ਇਕਾਂਤਵਾਸ ਕੇਂਦਰ ਵਿਖੇ ਠਹਿਰਾਏ ਯਾਤਰੀਆਂ ਵਿੱਚ ਸ਼ਾਮਲ ਪਿੰਡ ਆਕੜ ਦੇ ਵਸਨੀਕ ਇੱਕ ਬੱਚੇ ਜਸਕੀਰਤ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਦਾ ਅੱਜ ਜਨਮ ਦਿਨ ਮਨਾਇਆ ਗਿਆ।
ਅਲਿਹਦਗੀ ਦਾ ਅਹਿਸਾਸ ਕਰ ਰਹੇ ਇਸ ਬੱਚੇ ਦਾ ਅੱਜ 10ਵਾਂ ਜਨਮ ਦਿਨ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਸਥਾਪਤ ਇਕਾਂਤਵਾਸ ਵਿਖੇ ਬੱਚੇ ਲਈ ਚਾਕਲੇਟ ਅਤੇ ਕੇਕ ਮੁਹੱਈਆ ਕਰਵਾਇਆ ਗਿਆ, ਜਿਸ ਲਈ ਬੱਚੇ ਦੇ ਦਾਦਾ-ਦਾਦੀ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ।
ਇਸ ਬੱਚੇ ਦੇ ਦਾਦਾ ਜੀ ਨੇ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਦੱਸਿਆ ਕਿ ਇਹ ਬੱਚਾ ਜਸਕੀਰਤ ਸਿੰਘ ਅਕਾਲ ਅਕੈਡਮੀ ਰੀਠਖੇੜੀ 'ਚ 5ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ 15 ਮਾਰਚ ਤੋਂ ਸ੍ਰੀ ਹਜ਼ੂਰ ਸਾਹਿਬ ਆਪਣੇ ਦਾਦਾ-ਦਾਦੀ ਨਾਲ ਗਿਆ ਹੋਇਆ ਸੀ ਪਰੰਤੂ ਕੋਰੋਨਾਵਾਇਰਸ ਕਰਕੇ ਦੇਸ਼ ਵਿਆਪੀ ਤਾਲਾਬੰਦੀ ਦੇ ਚੱਲਦਿਆਂ ਉਹ ਉੱਥੇ ਹੀ ਫਸਕੇ ਰਹਿ ਗਏ ਸਨ। ਅੱਜ ਇਸ ਬੱਚੇ ਦਾ ਜਨਮ ਦਿਨ ਸੀ ਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੀਤ ਮੈਨੇਜਰ ਕਰਮ ਸਿੰਘ, ਸਹਾਇਕ ਰਿਕਾਡਰ ਕੀਪਰ ਗੁਰਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਰਣਜੀਤ ਸਿੰਘ ਅਤੇ ਪੁਲਿਸ ਇੰਸਪੈਕਟਰ ਮੰਗਲਜੀਤ ਕੌਰ, ਏ.ਐਸ.ਆਈ. ਗਗਨਦੀਪ ਸਿੰਘ ਸਮੇਤ ਡਾ. ਕਿਰਨਜੋਤ ਕੌਰ ਅਤੇ ਹੋਰ ਮੈਡੀਕਲ ਅਮਲੇ ਨੇ ਇਸ ਬੱਚੇ ਲਈ ਚਾਕਲੇਟ ਅਤੇ ਸਪੈਸ਼ਲ ਕੇਕ ਆਦਿ ਦਾ ਪ੍ਰਬੰਧ ਕਰਕੇ ਸੇਵਾਦਾਰਾਂ ਰਾਹੀਂ ਇਸ ਬੱਚੇ ਤੱਕ ਪਹੁੰਚਾਇਆ।
ਬੱਚੇ ਦੀ ਦਾਦੀ ਅਤੇ ਦਾਦਾ ਦੋਹਾਂ ਨੇ ਗੁਰਦੁਆਰਾ ਸਾਹਿਬ ਦੇ ਮੀਤ ਮੈਨੇਜਰ ਕਰਮ ਸਿੰਘ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਮੌਜੂਦ ਰਾਮ ਸਿੰਘ, ਇਕਬਾਲ ਸਿੰਘ ਤੇ ਸ਼ਰਮਾ ਨੇ ਵੀ ਬੱਚੇ ਨੂੰ ਵਧਾਈ ਦਿੱਤੀ।