ਨਾਭਾ: ਮਹਾਨ ਕੌਸ਼ ਦੇ ਰਚੇਤਾ ਅਤੇ ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਭਾਈ ਕਾਨ੍ਹ ਸਿੰਘ ਦਾ ਐਤਵਾਰ ਨੂੰ 159ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਇਕੱਤਰ ਹੋ ਕੇ ਭਾਈ ਨਾਭਾ ਦੇ ਬੁੱਤ 'ਤੇ ਫੁੱਲਮਾਲਾ ਭੇਟ ਕਰਕੇ ਨਮਨ ਕੀਤਾ।
ਜਨਮ ਦਿਹਾੜੇ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਦੀ ਤੀਜੀ ਪੀੜ੍ਹੀ ਦੇ ਵਾਰਿਸ ਮੇਜਰ ਆਦਰਸ਼ਪਾਲ ਸਿੰਘ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਮ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ ਜਿਨ੍ਹਾਂ ਨੇ ਮਹਾਨ ਸ਼ਬਦ ਕੋਸ਼ ਦੀ ਰਚਨਾ ਕਰਕੇ ਵੱਡੀ ਮਿਸਾਲ ਪੈਦਾ ਕੀਤੀ ਅਤੇ ਉਨ੍ਹਾਂ ਦੇ ਪਿਤਾ ਵੀ ਬਹੁਤ ਮਹਾਨ ਸ਼ਖਸੀਅਤ ਸਨ। ਉਨ੍ਹਾਂ ਨੇ ਇੱਕ ਚੌਕੜੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਗਈ।
ਉੱਘੇ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਭਾਈ ਕਾਨ੍ਹ ਸਿੰਘ ਦੇ ਜਨਮ ਦਿਹਾੜੇ ਦੀ ਸਮੁੱਚੀ ਮਾਨਵਤਾ ਨੂੰ ਬਹੁਤ-ਬਹੁਤ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਦਾ ਜਨਮ ਦਿਹਾੜਾ ਹਰ ਵਾਰੀ ਵੱਡੀ ਪੱਧਰ 'ਤੇ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਉਨ੍ਹਾਂ ਨੇ ਵੱਡਾ ਪ੍ਰੋਗਰਾਮ ਨਹੀਂ ਉਲੀਕਿਆ। ਉਹ ਲੁਧਿਆਣਾ ਵਿਖੇ ਵੀ ਸਟੱਡੀ ਸਰਕਲ ਵੱਲੋਂ ਭਾਈ ਨਾਭਾ ਦਾ ਜਨਮ ਦਿਹਾੜਾ ਮਨਾ ਰਹੇ ਹਨ ਅਤੇ ਉਹ ਇਸ ਪ੍ਰੋਗਰਾਮ ਨੂੰ ਆਨਲਾਈਨ ਅਟੈਂਡ ਕਰਾਂਗੇ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਨੂੰ ਸਮਰਪਤ ਕਈ ਪ੍ਰਾਜੈਕਟ ਨਾਭਾ ਵਿੱਚ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਰੂਪ ਤੋਂ ਭਾਈ ਕਾਨ੍ਹ ਸਿੰਘ ਲਾਇਬ੍ਰੇਰੀ ਹੈ। ਇਸ ਲਾਇਬ੍ਰੇਰੀ ਵਿੱਚ 80 ਹਜ਼ਾਰ ਪੁਸਤਕਾਂ ਰੱਖੀਆਂ ਗਈਆਂ ਹਨ। ਉਨ੍ਹਾਂ ਨੇ ਭਾਈ ਨਾਭਾ ਤੋਂ ਪ੍ਰੇਰਣਾ ਲੈਂਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਲਈ ਕਿਹਾ।
ਇਸ ਮੌਕੇੇ ਸੁਖਦੇਵ ਸਿੰਘ ਢੀਂਡਸਾ ਅਤੇ ਅਮਨਦੀਪ ਸਿੰਘ ਲਵਲੀ ਭਾਈ ਕਾਨ੍ਹ ਸਿੰਘ ਲਾਇਬ੍ਰੇਰੀ ਦੇ ਮੈਂਬਰਾਂ ਨੇ ਕਿਹਾ ਕਿ ਭਾਈ ਕਾਨ੍ਹ ਸਿੰਘ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਮਹਾਨ ਕੌਸ਼ ਦੀ ਰਚਨਾ ਕਰਕੇ ਨਾਭਾ ਦਾ ਨਾਂਅ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ।