ਪਟਿਆਲਾ: ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਵਸਨੀਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਇਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੀਤਾ। ਸ. ਧਰਮਸੋਤ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪੇਂਡੂ ਨੌਜਵਾਨਾਂ ਦੀ ਭਲਾਈ ਲਈ ਪੰਜ ਹਾਈ-ਟੈਕ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਲਈ ਕਰਵਾਏ ਗਏ ਆਨਲਾਈਨ ਸਮਾਰੋਹ ਦੌਰਾਨ ਪਟਿਆਲਾ ਦੇ ਲਾਭਪਾਤਰੀਆਂ ਨੂੰ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਤਹਿਤ ਮਿਨੀ ਬੱਸਾਂ ਦੇ ਪਰਮਿਟ ਸੌਂਪਣ ਪੁੱਜੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ 10 ਸਾਲਾਂ 'ਚ ਜਖ਼ਮੀ ਕੀਤੇ ਪੰਜਾਬ ਨੂੰ ਠੀਕ ਕੀਤਾ ਹੈ, ਜਿਸ ਕਰਕੇ ਹੁਣ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੀ ਖੱਜਲ ਖੁਆਰੀ ਬੰਦ ਹੋਈ ਹੈ।
ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਤਹਿਤ ਪਿੰਡਾਂ 'ਚ ਲੋਕਾਂ ਨੂੰ ਵਧੀਆ ਸਫ਼ਰ ਸਹੂਲਤ ਪ੍ਰਦਾਨ ਕਰਨ ਲਈ ਸੂਬੇ 'ਚ 3000 ਮਿਨੀ ਬੱਸਾਂ ਦੇ ਪਰਮਿੱਟ ਵੰਡਣ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਪਟਿਆਲਾ ਜ਼ਿਲ੍ਹੇ 'ਚ 134 ਪਰਮਿੱਟ ਦੋ ਦਿਨਾਂ ਦੇ ਅੰਦਰ-ਅੰਦਰ ਜਾਰੀ ਕਰ ਦਿੱਤੇ ਜਾਣਗੇ, ਜਿਨ੍ਹਾਂ 'ਚੋਂ 27 ਪਰਮਿੱਟ ਜਾਰੀ ਕਦ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਆਪਣੀਆਂ ਸੇਵਾਵਾਂ ਪਾਰਦਰਸ਼ਤਾ ਨਾਲ ਪ੍ਰਦਾਨ ਕਰਦਿਆਂ ਲੋਕਾਂ ਨੂੰ ਆਰਸੀ ਤੇ ਡਰਾਇਵਿੰਗ ਲਾਇਸੈਂਸ ਆਨ-ਲਾਇਨ ਜਾਰੀ ਕਰਕੇ ਘਰਾਂ ਤੱਕ ਪੁੱਜਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਬੱਚਿਆਂ ਤੇ ਔਰਤਾਂ ਨੂੰ ਸੁਰੱਖਿਅਤ ਯਾਤਰਾ ਮੁਹੱਈਆ ਕਰਵਾਉਣ ਲਈ ਬੱਸਾਂ 'ਚ ਜੀ.ਪੀ.ਐਸ. ਉਪਕਰਨ ਅਤੇ ਐਮਰਜੈਂਸੀ ਬਟਨ ਲਗਵਾਉਣੇ ਲਾਜ਼ਮੀ ਕੀਤੇ ਹਨ। ਜਦਕਿ ਸੜਕਾਂ ਨੂੰ ਵੀ ਸਰੱਖਿਅਤ ਕਰਨ 'ਤੇ ਵਾਹਨਾਂ ਦਾ ਪ੍ਰਦੂਸ਼ਣ ਘਟਾਉਣ ਲਈ ਵੀ ਉਚੇਚੇ ਯਤਨ ਕੀਤੇ ਹਨ।
ਇਹ ਵੀ ਪੜ੍ਹੋ:ਮੋਟਰ ਵਹੀਕਲ ਕਰ ਵਸੂਲਣ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਜਾਂ ਰਿਫੰਡ ਕਰਨ ਲਈ ਸੋਧ ਨੂੰ ਪ੍ਰਵਾਨਗੀ