ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਵਲਾ ਪਿੰਡ ਤੋ ਸਾਹਮਣੇ ਆਇਆ ਹੈ, ਜਿਥੋ ਦੇ ਰਹਿਣ ਵਾਲੇ ਧਰਮਿੰਦਰ ਸਿੰਘ ਉਪਰ ਪੁਰਾਣੇ ਐਨਡੀਪੀਐਸ ਦੇ ਮੁਕੱਦਮੇ ਤਹਿਤ ਜਦੋਂ ਪੁਲਿਸ ਵਲੋ ਜਾਂਚ ਦੇ ਨਾਮ 'ਤੇ ਥਾਣੇ ਲਿਜਾਇਆ ਗਿਆ ਤਾਂ ਮੌਕੇ 'ਤੇ ਉਸ ਦੀ ਹਾਲਤ ਵਿਗੜਨ 'ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਉਸ ਦੀ ਹਾਲਤ ਨਾਜ਼ੁਕ ਹੌਣ 'ਤੇ ਪਰਿਵਾਰਕ ਮੈਬਰਾਂ ਵਿਚ ਰੋਸ ਵੇਖਣ ਨੂੰ ਮਿਲਿਆ। ਉਹਨਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਚੱਲਦੇ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਮੌਕੇ 'ਤੇ ਪਹੁੰਚ ਮਸਲਾ ਸੁਲਝਾਉਣਾ ਪਿਆ ਹੈ।
ਮਿਹਨਤ ਕਰਨ ਵਾਲੇ ਕੀਤੇ ਜਾ ਰਹੇ ਤੰਗ
ਇਸ ਸੰਬਧੀ ਗੱਲਬਾਤ ਕਰਦਿਆਂ ਨੌਜਵਾਨ ਦੇ ਪਰਿਵਾਰਕ ਮੈਂਬਰ ਅਮਨਦੀਪ ਸਿੰਘ ਨੇ ਦੱਸਿਆ ਕਿ ਆਮ ਤੌਰ 'ਤੇ ਪੁਲਿਸ ਪੁਰਾਣੇ ਪਰਚਿਆਂ ਵਿੱਚ ਨਾਮਜ਼ਦ ਲੋਕਾਂ ਨੂੰ ਤਫਤੀਸ਼ ਲਈ ਥਾਣੇ ਬੁਲਾਉਂਦੀ ਹੈ, ਜੋ ਕਿ ਉਹਨਾਂ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੇ ਨਾਮ 'ਤੇ ਮਾੜੇ ਕੰਮ ਛੱਡ ਕੇ ਚੰਗੀ ਮਿਹਨਤ ਮੁਸ਼ੱਕਤ ਵਾਲਾ ਜੀਵਨ ਬਿਤਾਉਣ ਵਾਲੇ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਮੰਦਭਾਗੀ ਗੱਲ ਹੈ।
ਪੁਰਾਣੇ ਕੇਸਾਂ 'ਚ ਚੁੱਕ ਕੇ ਲੈ ਜਾਂਦੇ ਥਾਣੇ
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਸਵੇਰੇ ਤੜਕਸਾਰ ਲੋਕਾਂ ਦੇ ਘਰਾਂ ਵਿੱਚ ਬਿਨਾਂ ਕਿਸੇ ਮੋਹਤਬਰ ਦੇ ਦਾਖਿਲ ਹੋ ਜਾਂਦੇ ਹਨ ਅਤੇ ਘਰ ਦੀਆਂ ਮਾਵਾਂ-ਭੈਣਾਂ ਨਾਲ ਗਲਤ ਰਵੱਈਏ ਨਾਲ ਪੁੱਛਗਿਛ ਕਰਕੇ ਤੰਗ ਪਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਧਰਮਿੰਦਰ ਸਿੰਘ ਵੀ ਮਿਹਨਤ ਕਰਦਾ ਹੈ ਪਰ ਪੁਲਿਸ ਉਸ ਨੂੰ ਉਸ ਦੇ ਪਿਛਲੇ ਕੇਸਾਂ ਕਾਰਨ ਕਦੇ ਵੀ ਚੁੱਕ ਕੇ ਲੈ ਜਾਂਦੀ ਹੈ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ, ਪਰ ਪੁਲਿਸ ਹੁਣ ਵੀ ਉਸ ਨਾਲ ਮੁਲਜ਼ਮ ਦੀ ਤਰ੍ਹਾਂ ਪੇਸ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਉਸ ਨੂੰ ਥਾਣੇ ਬੁਲਾ ਕੇ ਫਿਰ ਤੋਂ ਪਰੇਸ਼ਾਨ ਕੀਤਾ, ਜਿਸ ਦੇ ਚੱਲਦੇ ਉਸਦੀ ਹਾਲਤ ਖ਼ਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਨਹੀਂ ਹੋਣ ਦੇਵੇਗੀ ਕੋਈ ਧੱਕਾ
ਇਸ ਸੰਬਧੀ ਜਾਣਕਾਰੀ ਦਿੰਦਿਆਂ ਏਸੀਪੀ ਈਸਟ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅਸੀ ਮੌਕੇ 'ਤੇ ਪਹੁੰਚ ਲੋਕਾਂ ਦੀ ਗੱਲ ਸੁਣੀ ਹੈ। ਫਿਲਹਾਲ ਧਰਮਿੰਦਰ ਨੂੰ ਥਾਣੇ ਵਿਚ ਪੜਤਾਲ ਸੰਬਧੀ ਬੁਲਾਇਆ ਗਿਆ ਸੀ, ਜਿਥੇ ਉਸ ਦੀ ਤਬੀਅਤ ਕੁਝ ਖਰਾਬ ਹੌਣ 'ਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਲਈ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀ ਹੋਣ ਦਿੱਤਾ ਜਾਵੇਗਾ।