ਪਟਿਆਲਾ: ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਚੋਣ ਪ੍ਰਚਾਰ ਕਰਨ ਵਿੱਚ ਵੀ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ, ਕੁਝ ਘੰਟਿਆਂ ਬਾਅਦ ਹੀ ਚੋਣ ਪ੍ਰਚਾਰ ਵੀ ਥੰਮ ਜਾਵੇਗਾ। ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹੈ। ਨਾਭਾ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਦੇਰ ਰਾਤ ਤੱਕ ਚੋਣ ਪ੍ਰਚਾਰ ਕੀਤਾ ਗਿਆ। ਧਰਮਸੋਤ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੀ ਹੈ ਅਤੇ ਵਿਕਾਸ ਦੇ ਮੁੱਦੇ ਨੂੰ ਵੇਖਦੇ ਹੋਏ ਹੀ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ।
ਅਸੀ ਕਿਸੇ ਨਾਲ ਧੱਕਾ ਕਰਨ ’ਤੇ ਨਹੀਂ, ਬਲਕਿ ਵੋਟਰਾਂ ’ਤੇ ਵਿਸ਼ਵਾਸ ਕਰਦੇ ਹਾਂ: ਧਰਮਸੋਤ
ਅਕਾਲੀ ਦਲ ਵੱਲੋਂ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਦੀ ਮੰਗ ਕਰਨ ਤੇ ਧਰਮਸੋਤ ਨੇ ਕਿਹਾ ਕਿ ਅਸੀਂ ਨਾ ਧੱਕਾ ਕੀਤਾ ਨਾ ਕਰਨਾ ਹੈ, ਕਿਉਂਕਿ ਅਸੀਂ ਵੋਟਰਾਂ ਤੇ ਵਿਸ਼ਵਾਸ ਰੱਖਦੇ ਹਾਂ ਅਤੇ ਵੋਟਰ ਹੀ ਫੈਸਲਾ ਕਰਨਗੇ। ਧਰਮਸੋਤ ਨੂੰ ਪੁੱਛਿਆ ਕਿ ਬੀਜੇਪੀ ਦੇ ਆਗੂ ਗਵਰਨਰ ਨੂੰ ਮਿਲ ਕੇ ਆਏ ਹਨ ਕਿ ਜੋ ਅਟੈਕ ਹੋ ਰਹੇ ਹਨ ਉਨ੍ਹਾਂ ਹਮਲਿਆਂ ਪਿੱਛੇ ਕਾਂਗਰਸ ਦਾ ਹੱਥ ਹੈ। ਇਨ੍ਹਾਂ ਹਮਲਿਆਂ ਦੇ ਮੁੱਦੇ ’ਤੇ ਧਰਮਸੋਤ ਨੇ ਬੀਜੇਪੀ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਬੀਜੇਪੀ ਵੀ ਹੰਕਾਰੀ ਪਈ ਹੈ ਅਤੇ ਮੋਦੀ ਵੀ ਹੰਕਾਰਿਆ ਪਿਆ ਹੈ।
ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਮਿੱਤਲ ਨੇ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਿਹਾ ਕਿਉਂਕਿ ਅਸੀਂ ਜੋ ਵਿਕਾਸ ਕਰਵਾਇਆ ਹੈ,ਅਜੇ ਤਕ ਉਨ੍ਹਾਂ ਵਿਕਾਸ ਕਿਸੇ ਹੋਰ ਰਾਜਨੀਤਿਕ ਪਾਰਟੀ ਨੇ ਨਹੀਂ ਕਰਾਇਆ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਨੇ ਕਿਹਾ ਕਿ ਅਸੀਂ ਜੋ ਵਿਕਾਸ ਕਰਵਾਏ ਹਨ ਉਹ ਕਰੀਬ 90 ਪ੍ਰਤੀਸ਼ਤ ਪੂਰੇ ਹੋ ਗਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਕਾਂਗਰਸ ਦੇ ਉਮੀਦਵਾਰ ਹਨ ਉਨ੍ਹਾਂ ਨੂੰ ਜਤਾਇਆ ਜਾਵੇ ਅਤੇ ਜੋ ਅਧੂਰੇ ਕੰਮ ਹੈ ਉਨ੍ਹਾਂ ਨੂੰ ਵੀ ਛੇਤੀ ਹੀ ਨੇਪਰੇ ਚਾੜ੍ਹਿਆ ਜਾਵੇਗਾ।