ਨਾਭਾ: ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਆਪਣੇ ਹਲਕੇ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਈ ਥਾਂ ਵਿਰੋਧ ਕੀਤਾ ਜਾ ਰਿਹਾ ਸੀ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਸਰਬਜੀਤ ਕੌਰ ਵੱਲੋਂ ਆਰੋਪ ਲਗਾਏ ਗਏ ਸਨ ਕਿ ਧਰਮਸੋਤ ਵੱਲੋਂ ਉਨ੍ਹਾਂ ਨੂੰ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
ਇਸ ਬਿਆਨ ਤੋਂ ਬਾਅਦ ਲਗਾਤਾਰ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ’ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕਿਸਾਨ ਆਗੂਆਂ ਅਤੇ ਕਿਸਾਨ ਆਗੂ ਸਰਬਜੀਤ ਕੌਰ ਕੋਲੋਂ ਜਨਤਕ ਤੌਰ ’ਤੇ ਮੁਆਫੀ ਮੰਗ ਲਈ ਗਈ ਹੈ। ਜਿਸ ਤੋਂ ਬਾਅਦ ਕਿਸਾਨ ਆਗੂ ਵੀ ਸੰਤੁਸ਼ਟ ਵਿਖਾਈ ਦਿੱਤੇ। ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਿਸਾਨ ਆਗੂਆਂ ਵਿਚਕਾਰ ਮੀਟਿੰਗ ਹੋਈ ਅਤੇ ਸਮਝੌਤਾ ਹੋ ਗਿਆ। ਮੰਤਰੀ ਧਰਮਸੋਤ ਨੇ ਕਿਹਾ ਕਿ ਜੋ ਕਿਸਾਨ ਆਗੂ ਬੀਬੀ ਹੈ ਉਹ ਮੇਰੀ ਭੈਣ ਹੈ ਅਤੇ ਮੈਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕੀਤੀ ਜੋ ਇਨ੍ਹਾਂ ਨੂੰ ਠੇਸ ਪਹੁੰਚਾਏ ਫਿਰ ਵੀ ਉਹ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਾਂ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਹ ਵੀ ਕਿਹਾ ਕਿ ਉਹ ਕਿਸਾਨਾਂ ਤੋਂ ਬਿਨਾਂ ਕੁਝ ਵੀ ਨਹੀਂ ਹਨ। ਕੈਬਨਿਟ ਮੰਤਰੀ ਧਰਮਸੋਤ ਨੇ ਕਿਸਾਨਾਂ ਅਤੇ ਕਿਸਾਨ ਆਗੂ ਬੀਬੀ ਸਰਬਜੀਤ ਕੋਲੋਂ ਵੀ ਮੁਆਫੀ ਮੰਗਦੇ ਕਿਹਾ ਕਿ ਜੇਕਰ ਮੇਰੇ ਤੋਂ ਜਾਨੇ ਅਣਜਾਨੇ ਵਿੱਚ ਕੋਈ ਸ਼ਬਦ ਬੋਲੇ ਗਏ ਹਨ ਤਾਂ ਮੈਂ ਮੁਆਫ਼ੀ ਮੰਗਦਾ ਹਾਂ।
ਇਸ ਮੌਕੇ ਤੇ ਕਿਸਾਨ ਆਗੂ ਸਰਬਜੀਤ ਕੌਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਮੇਲ ਸਿੰਘ ਸੁਧੇਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਮੁਆਫੀ ਮੰਗ ਲਈ ਗਈ ਹੈ ਅਤੇ ਸਾਡੀ ਪਾਰਟੀ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ ਹੁਣ ਅਸੀਂ ਮੰਤਰੀ ਨੂੰ ਵੀ ਮੁਆਫ਼ ਕਰ ਦਿੱਤਾ ਹੈ।
ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਕੱਲਰਮਾਜਰੀ ਨੇ ਕਿਹਾ ਕਿ ਅਸੀਂ ਪਾਰਟੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਆਗੂ ਤੋਂ ਮੁਆਫੀ ਮੰਗਦੇ ਹਾਂ ਜੋ ਕੋਈ ਗੱਲ ਹੋਈ ਸੀ ਨੌਜਵਾਨਾਂ ਵੱਲੋਂ ਕੁਝ ਹੋਰ ਹੀ ਰੰਗਤ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਵਿਵਾਦ ਵਧ ਗਿਆ ਅਤੇ ਹੁਣ ਕਿਸਾਨ ਯੂਨੀਅਨ ਅਤੇ ਮੰਤਰੀ ਵਿਚਾਲੇ ਕੋਈ ਗਿਲਾ ਸ਼ਿਕਵਾ ਨਹੀਂ ਹੈ।