ਪਟਿਆਲਾ: ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖ਼ਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਰਾਜ 'ਚ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅੱਜ ਰਾਜਪੁਰਾ ਦੀ ਅਨਾਜ਼ ਮੰਡੀ ਤੋਂ ਕਰਵਾਈ। ਇਸ ਝੋਨੇ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਤੇ ਡਾਇਰੈਕਟਰ ਖੁਰਾਕ ਸਪਲਾਈ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਮੌਜਦ ਸਨ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜ ਸਰਕਾਰ ਨੇ ਸੂਬੇ ਦੀਆਂ ਮੰਡੀਆਂ 'ਚੋਂ 170 ਲੱਖ ਟਨ ਮੈਟਰਿਕ ਟਨ ਝੋਨੇ ਦੀ ਖ਼ਰੀਦ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਜਿਸ ਲਈ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਮੰਡੀਆਂ 'ਚ ਕੋਵਿਡ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫਸਲ ਦੀ ਸੁਚੱਜੀ ਅਤੇ ਨਿਰਵਿਘਨ ਖ਼ਰੀਦ ਦੇ ਪੁੱਖ਼ਤਾ ਇੰਤਜ਼ਾਮ ਕੀਤੇ ਹਨ।
ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਅਗੇਤੀ ਆਉਣ ਕਰਕੇ ਸਰਕਾਰ ਨੇ ਕਿਸਾਨਾਂ ਦੀ ਫ਼ਸਲ ਦੀ ਚੁਕਾਈ ਵੀ ਅਗੇਤੀ ਹੀ ਕਰਵਾਉਣ ਲਈ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕਰਕੇ ਇਸ ਵਾਰ ਰਾਜ ਅੰਦਰ ਮੰਡੀ ਬੋਰਡ ਵੱਲੋਂ 4035 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਜਿੱਥੇ 30-30 ਫੁੱਟ ਦੇ ਖਾਨੇ ਬਣਾਏ ਗਏ ਹਨ ਤੇ ਮਾਸਕਾਂ ਅਤੇ ਹੱਥ ਧੋਣ ਲਈ ਸਾਬਣ ਤੇ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਹੈ ਤਾਂ ਕਿ ਝੋਨੇ ਦੀ ਫ਼ਸਲ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਫਸਲ ਦੀ ਚੁਕਾਈ ਲਈ ਮਜ਼ਦੂਰਾਂ, ਬਾਰਦਾਨੇ ਤੇ ਟਰਾਂਸਪੋਰਟ ਦੇ ਵੀ ਪ੍ਰਬੰਧ ਮੁਕੰਮਲ ਹਨ।
ਆਸ਼ੂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਬਾਰੇ ਰਾਜ ਸਰਕਾਰਾਂ, ਕਿਸਾਨਾਂ ਅਤੇ ਆੜਤੀਆਂ ਸਮੇਤ ਸਬੰਧਤ ਧਿਰਾਂ ਦੇ ਬਹੁਤ ਸਾਰੇ ਸ਼ੰਕੇ ਉੱਤੇ ਖ਼ਦਸ਼ੇ ਹਨ ਪਰੰਤੂ ਕੇਂਦਰ ਸਰਕਾਰ ਇਹ ਸ਼ੰਕੇ ਨਵਿਰਤ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਬਿੱਲ ਵਾਪਸ ਕਰਵਾਉਣ ਲਈ ਪਹਿਲਕਦਮੀ ਕੀਤੀ ਹੈ ਅਤੇ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ ਅਤੇ ਫਸਲਾਂ ਦਾ ਦਾ ਘੱਟੋ-ਘੱਟ ਸਮਰਥਨ ਮੁੱਲ ਬੰਦ ਨਹੀਂ ਹੋਣਾ ਚਾਹੀਦਾ ਅਤੇ ਮੰਡੀਕਰਨ ਢਾਂਚੇ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਨੇ ਅਕਾਲੀ ਤੇ ਭਾਜਪਾ ਦੇ ਟੁੱਟੇ ਗਠਜੋੜ ਉੱਤੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਦੇਰ ਤੋਂ ਆਈ ਪਰ ਦਰੁਸਤ ਆਏ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ 'ਚ ਭਾਈਵਾਲ ਹੁੰਦਿਆਂ ਪਹਿਲਾਂ ਇਨ੍ਹਾਂ ਬਿੱਲਾਂ ਨੂੰ ਸਹਿਮਤੀ ਦੇ ਕੇ ਯੂ ਟਰਨ ਲਿਆ ਹੈ। ਪਰੰਤੂ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਪਿੱਠ ਵਿਖਾਈ ਸੀ ਅਤੇ ਹੁਣ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਆਪਣਾ ਫੈਸਲਾ ਬਦਲਿਆ ਹੈ ਪਰੰਤੂ ਪੰਜਾਬ ਦਾ ਕਿਸਾਨ ਸਮਝਦਾਰ ਹਨ ਅਤੇ ਸਭ ਜਾਣਦਾ ਹੈ ਕਿ ਕੌਣ ਕੀ ਕਰ ਰਿਹਾ ਹੈ?