ਪਟਿਆਲਾ: ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਦੇ ਐਲਾਨ ਤੋਂ ਬਾਅਦ ਹੁਣ ਅਕਾਲੀਆਂ ਨੇ ਵੀ ਕਾਂਗਰਸ ਵਿਰੁੱਧ ਵੱਖ-ਵੱਖ ਮੁੱਦਿਆਂ 'ਤੇ ਅੰਦੋਲਨ ਦੀ ਤਿਆਰੀ ਕਰ ਲਈ ਹੈ। ਇਸ ਧਰਨੇ ਦੀ ਸ਼ੁਰੂਆਤ ਅਕਾਲੀਆਂ ਵੱਲੋਂ 17 ਜੁਲਾਈ ਨੂੰ ਪਟਿਆਲਾ ਤੋਂ ਕੀਤੀ ਜਾਵੇਗੀ। ਸਥਾਨਕ ਗੁਰਦੁਆਰਾ ਦੁਖ ਨਿਵਾਰਣ ਸਾਰਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਕੀਤੀ ਗਈ। ਇਸ ਵਿੱਚ ਪਟਿਆਲਾ ਜ਼ਿਲ੍ਹਾ ਦੀ ਸਮੁੱਚੀ ਲੀਡਰਸ਼ਿਪ ਨੇ ਹਿੱਸਾ ਲਿਆ ਤੇ ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ ਪਾਣੀ, ਬਿਜਲੀ ਤੇ ਨਸ਼ੇ ਨੂੰ ਲੈ ਕੇ ਅੰਦੋਲਨ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਦਿੱਲੀ-ਪਾਣੀਪਤ ਪੈਸੇਂਜਰ ਟ੍ਰੇਨ 'ਚ ਲੱਗੀ ਅੱਗ, ਪੰਜਾਬ ਵੱਲ ਜਾਣ ਵਾਲੀਆਂ ਟ੍ਰੇਨਾਂ ਰੋਕੀਆਂ ਗਈਆਂ
ਇਸ ਬਾਰੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਉਹ ਇਸ 17 ਜੁਲਾਈ ਨੂੰ ਪਟਿਆਲਾ ਦੇ ਡੀ.ਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਅੰਦਰ ਲਗਾਤਾਰ ਵੱਧ ਰਹੇ ਬਿਜਲੀ ਦੀਆਂ ਕੀਮਤਾਂ ਤੇ ਪਾਣੀ ਦੇ ਮੁੱਦੇ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਦੀ ਅਗਵਾਈ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ।
ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਦਿੱਤੇ ਜਾ ਰਹੇ ਧਰਨਿਆਂ ਨੂੰ ਇੱਕ ਵੱਡਾ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ। ਉੱਥੇ ਹੀ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਦੀ ਇਸ ਸਮੁੱਚੀ ਲੀਡਰਸ਼ਿੱਪ ਦੀ ਮੀਟਿੰਗ ਵਿੱਚ ਕੋਈ ਵੀ ਭਾਜਪਾ ਵਰਕਰ ਸ਼ਾਮਿਲ ਨਹੀਂ ਹੋਇਆ। ਜਦੋਂ ਇਸ ਬਾਰੇ ਚੰਦੂਮਾਜਰਾ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਲੁਧਿਆਣਾ ਵਿਖੇ ਮੀਟਿੰਗ ਹੈ, ਪਰ ਉਹ ਸਾਡੇ ਨਾਲ ਇਸ ਧਰਨੇ ਵਿੱਚ ਸ਼ਾਮਿਲ ਹੋਣਗੇ।