ਪਟਿਆਲਾ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਦਿਨ ਰਾਤ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ। ਇਸ ਤੋਂ ਬਾਅਦ ਕੋਤਵਾਲੀ ਪੁਲਿਸ ਨਾਭਾ ਨੇ ਆਪ ਆਗੂਆਂ ਨੂੰ ਧਰਨੇ ਤੋਂ ਚੁੱਕ ਕੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ।
ਇਸ ਮਗਰੋਂ ਰੋਸ ਵਜੋਂ ਆਪ ਵਲੰਟੀਅਰਾਂ ਨੇ ਕੋਤਵਾਲੀ ਦੇ ਬਾਹਰ ਧਰਨਾ ਲਗਾ ਦਿੱਤਾ ਜਿਸ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ, ਪ੍ਰੋਫੈਸਰ ਬਲਜਿੰਦਰ ਕੌਰ, ਆਪ ਆਗੂ ਨਰਿੰਦਰ ਕੌਰ ਭਰਾਜ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਿਰੋਧੀ ਧਿਰ ਆਗੂ ਹਰਪਾਲ ਚੀਮਾ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਦਬਾਉਣ ਲਈ ਆਪ ਵਰਕਰਾਂ 'ਤੇ ਪਰਚੇ ਦਰਜ਼ ਕਰਕੇ ਉਨ੍ਹਾਂ ਨੂੰ ਥਾਣੇ ਵਿੱਚ ਡੱਕ ਰਹੀ ਹੈ ਤਾਂ ਜੋ ਲੋਕ ਆਪਣੇ ਹੱਕ ਨਾ ਮੰਗ ਸਕਣ।
ਹਰਪਾਲ ਚੀਮਾ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੇ ਬਿਲਕੁਲ ਵੀ ਭਰੋਸਾ ਨਹੀਂ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਹਰਪਾਲ ਚੀਮਾ ਨੇ ਕਿਹਾ ਕਿ ਜਲਦੀ ਹੀ ਆਪ ਦਾ ਵਫਦ ਭਗਵੰਤ ਮਾਨ ਦੀ ਅਗਵਾਈ ਵਿੱਚ ਮਾਣਯੋਗ ਰਾਜਪਾਲ ਪੰਜਾਬ ਨੂੰ ਵੀ ਮਿਲੇਗਾ ਅਤੇ ਸੰਸਦ ਵਿੱਚ ਵੀ ਗ਼ਰੀਬ ਬੱਚਿਆਂ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਘੁਟਾਲੇ ਦੀ ਆਵਾਜ਼ ਨੂੰ ਉਠਾਇਆ ਜਾਵੇਗਾ। ਪਰ ਓਦੋਂ ਤੱਕ ਆਪ ਵਲੰਟਰੀਆਂ ਵੱਲੋਂ ਧਰਨਾ ਨਿਰੰਤਰ ਜਾਰੀ ਰਹੇਗਾ।