ਪਟਿਆਲਾ: ਬੀਤੇ ਦਿਨ ਪੰਜਾਬੀ ਯੀਨੂਵਰਸਿਟੀ ਪਟਿਆਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਯੂਨੀਵਰਸਿਟੀ ਕੈਂਪਸ ਅੰਦਰ ਬੀਟੈੱਕ ਦੇ ਵਿਦਿਆਰਥੀ ਨਵਜੋਤ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਨੌਜਵਾਨ ਦੇ ਨਾਲ ਇੰਜੀਨੀਅਰਿੰਗ ਕਰ ਰਹੇ 4 ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਵੱਡਾ ਖ਼ੁਲਾਸਾ ਕਦਿਆਂ ਕਿਹਾ ਕਿ ਬਿਜਲੀ ਦੇ ਬਿੱਲ ਨੂੰ ਲੈਕੇ ਹੋਏ ਝਗੜੇ ਤੋਂ ਬਾਅਦ ਨੌਜਵਾਨ ਉੱਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ।
ਤੇਜ਼ਧਾਰ ਹਥਿਆਰ ਦਾ ਵਾਰ: ਮ੍ਰਿਤਕ ਦੇ ਦੋਸਤਾਂ ਦਾ ਕਹਿਣਾ ਹੈ ਕਿ ਦੋ ਗੁੱਟਾਂ ਦੌਰਾਨ ਹੋ ਰਹੇ ਇਸ ਝਗੜੇ ਵਿੱਚ ਮ੍ਰਿਤਕ ਨਵਜੋਤ ਸਿੰਘ ਇੱਕ ਪਾਸੇ ਖੜ੍ਹਾ ਸੀ ਅਤੇ ਇਸ ਦੌਰਾਨ ਇੱਕ ਗੁੱਟ ਦੇ ਮੁੰਡਿਆਂ ਨੇ ਨਵਜੋਤ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਇਸ ਦੌਰਾਨ ਨਵਜੋਤ ਉੱਤੇ ਕਈ ਵਾਰ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਜਿਸ ਤੋਂ ਬਾਅਦ ਨਵਜੋਤ ਸਿੰਘ ਨੇ ਦਮ ਤੋੜ ਦਿੱਤਾ। ਮਾਮਲੇ ਉੱਤੇ ਐੱਸਐੱਸਪੀ ਦਾ ਕਹਿਣਾ ਹੈ ਕਿ ਇਸ ਕੇਸ ਦੇ ਚਾਰ ਕਾਤਲਾਂ ਵਿੱਚੋਂ ਕਿਸੇ ਦਾ ਵੀ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਇਹ ਸਾਰੇ ਪੀਜੀ ਵਿੱਚ ਇਕੱਠੇ ਰਹਿੰਦੇ ਸਨ ਅਤੇ ਮ੍ਰਿਤਕ ਨਵਜੋਤ ਸਿੰਘ ਵੀ ਉਨ੍ਹਾਂ ਦੇ ਸਰਕਲ ਦਾ ਹੀ ਇੱਕ ਨੌਜਵਾਨ ਹੈ। ਫਿਲਹਾਲ ਥਾਣਾ ਅਰਬਨ ਅਸਟੇਟ 'ਚ ਦਰਜ ਹੋਏ ਇਸ ਮਾਮਲੇ 'ਚ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਦੀ ਨੌਜਵਾਨਾਂ ਨੂੰ ਅਪੀਲ: ਵਿਦਿਆਰਥੀ ਨਵਜੋਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਬੁਰਾ ਹਾਲ ਹੈ। ਦੂਜੇ ਪਾਸੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਪ੍ਰਬੰਧਾਂ ਉਤੇ ਸਵਾਲ ਖੜੇ ਕੀਤੇ ਹਨ। ਮ੍ਰਿਤਕ ਨੌਜਵਾਨ ਦੇ ਚਾਚਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਿਸੇ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਸ਼ਰੇਆਮ ਨੌਜਵਾਨਾਂ ਦੇ ਕਤਲ ਹੋ ਰਹੇ ਹਨ। ਉਨ੍ਹਾਂ ਕਿਹਾ ਗੇਟ ਉੱਤੇ ਸੁਰੱਖਿਆ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਬਾਹਰੀ ਨੌਜਵਾਨ ਯੂਨੀਵਰਸਿਟੀ ਕੈਂਪਸ ਵਿੱਚ ਆ ਜਾਂਦੇ ਹਨ।
ਨਵਜੋਤ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੀ ਸਾਊ ਸੁਭਾ ਦਾ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਵੀ ਨਹੀਂ ਸੀ, ਪਰ ਬਾਵਜੂਦ ਇਸ ਦੇ ਉਨ੍ਹਾਂ ਦੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸ ਦਈਏ ਇਸ ਮਾਮਲੇ ਤੋਂ ਬਾਅਦ ਸਥਾਨਕ ਐੱਸਐੱਸਪੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੀਵਨ ਵਾਰ ਵਾਰ ਨਹੀਂ ਮਿਲਦਾ ਅਤੇ ਇਹ ਬਹੁਤ ਕੀਮਤੀ ਹੈ। ਉਨ੍ਹਾਂ ਕਿਹਾ ਨਿੱਕੇ ਨਿੱਕੇ ਝਗੜਿਆਂ ਪਿੱਛੇ ਇੱਕ ਦੂਜੇ ਦਾ ਖੂਨ ਨਾ ਵਹਾਓ ਕਿਉਂਕਿ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਉੱਥੇ ਹੀ ਬਾਕੀ ਨੌਜਵਾਨਾਂ ਦਾ ਭਵਿੱਖ ਵੀ ਹੁਣ ਜੇਲ੍ਹਾਂ ਵਿੱਚ ਕੈਦ ਹੋ ਗਿਆ ਹੈ।