ਪਠਾਨਕੋਟ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਦਿਨ ਰਹਿ ਗਏ ਹਨ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕੇ ’ਚ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਅਤੇ ਭਰੋਸੇ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਸਰਹੱਦੀ ਖੇਤਰ ਦੇ ਨਾਲ ਲੱਗਦੇ ਇਲਾਕਿਆ ਬਾਰੇ ਤਾਂ ਉੱਥੇ ਦੇ ਲੋਕਾਂ ਅੱਜ ਵੀ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਤੋਂ ਵਾਂਝੇ ਹਨ। ਅੱਜ ਵੀ ਲੋਕਸਭਾ ਹਲਕਾ ਗੁਰਦਾਸਪੁਰ ਦੇ ਲੋਕ ਆਪਣੇ ਸਾਂਸਦ ਸੰਨੀ ਦਿਓਲ ਦੀ ਭਾਲ ਕਰ ਰਹੇ ਹਨ।
ਲੋਕਾਂ ਨੂੰ ਅੱਜ ਵੀ ਸੰਨੀ ਦਿਓਲ ਦੀ ਭਾਲ
ਲੋਕਸਭਾ ਹਲਕਾ ਗੁਰਦਾਸਪੁਰ, ਪਠਾਨਕੋਟ ਸਰਹੱਦੀ ਇਲਾਕਾ ਹੈ ਜਿਸਦੇ ਇੱਕ ਪਾਸੇ ਭਾਰਤ ਪਾਕਿਸਤਾਨ ਸਰਹੱਦ ਲਗਦੀ ਹੈ ਅਤੇ ਦੂਜੇ ਪਾਸੇ ਜੰਮੂ ਕਸ਼ਮੀਰ ਜਿਆਦਾਤਰ ਪਿੰਡ ਹਲਕਾ ਭੋਆ ਦੇ ਭਾਰਤ ਪਾਕਿਸ ਸਰਹੱਦ ਨਾਲ ਜੁੜੇ ਹੋਏ ਹਨ। ਇੱਥੇ ਦੇ ਲੋਕ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹਨ। ਦੱਸ ਦਈਏ ਕਿ ਸਿਨੇਮਾ ਜਗਤ ਦੇ ਸਟਾਰ ਅਤੇ ਲੋਕਸਭਾ ਹਲਕਾ ਗੁਰਦਾਸਪੁਰ ਸੰਨੀ ਦਿਓਲ ਦੇ ਸਾਂਸਦ ਬਣਨ ਤੋਂ ਬਾਅਦ ਉਹ ਲੋਕਾਂ ਨੂੰ ਇੱਕ ਵਾਰ ਵੀ ਨਹੀਂ ਦਿਖੇ ਹਨ। ਅੱਜ ਵੀ ਲੋਕ ਸੰਨੀ ਦਿਓਲ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਹੋਣ ਦਾ ਇੰਤਜਾਰ ਕਰ ਰਹੇ ਹਨ। ਪੰਜਾਬ ਵਿਧਾਨਸਭਾ ਚੋਣਾਂ ਦੇ ਚੱਲਦਿਆ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਇਸਦੇ ਬਾਵਜੁਦ ਵੀ ਸਾਂਸਦ ਸੰਨੀ ਦਿਓਲ ਇੱਕ ਵਾਰ ਆਪਣੇ ਹਲਕੇ ਚ ਨਹੀਂ ਦਿਖੇ ਹਨ।
ਲੋਕਾਂ ਚ ਹੈ ਭਾਰੀ ਗੁੱਸਾ
ਦੱਸ ਦਈਏ ਕਿ ਕੋਰੋਨਾ ਦੇ ਦੌਰਾਨ ਜਿੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਉਸ ਸਮੇਂ ਵੀ ਸੰਨੀ ਦਿਓਲ ਆਪਣੇ ਲੋਕਸਭਾ ਹਲਕੇ ’ਚ ਆਕੇ ਲੋਕਾਂ ਦਾ ਹਾਲ ਵੀ ਨਹੀਂ ਜਾਣਿਆ। ਜਿਸ ਕਾਰਨ ਲੋਕਾਂ ਚ ਭਾਰੀ ਗੁੱਸਾ ਹੈ। ਇਸੇ ਸਬੰਧ ਚ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਸਥਾਨਕ ਨਿਵਾਸੀ ਪਵਨ ਕੁਮਾਰ ਨੇ ਕਿਹਾ ਕਿ ਭਾਰੀ ਗਿਣਤੀ ਦੇ ਨਾਲ ਉਹ ਇੱਥੋ ਜਿੱਤੇ ਸੀ, ਉਨ੍ਹਾਂ ਨੇ ਬੀਜੇਪੀ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਆਖਿਰ ਸੰਨੀ ਦਿਓਲ ਕਿੱਥੇ ਚਲੇ ਗਏ। ਇਹ ਗੱਲ ਬਿਲਕੁੱਲ ਵੀ ਠੀਕ ਨਹੀਂ ਹੈ ਕਿ ਤੁਸੀਂ ਵੋਟਾਂ ਲਈਆਂ ਤੇ ਮੁੜ ਕੇ ਆਪਣੇ ਹਲਕੇ ਚ ਨਹੀਂ ਆਏ। ਲੋਕਾਂ ਨਾਲ ਉਨ੍ਹਾਂ ਨੂੰ ਧੋਖਾ ਨਹੀਂ ਕਰਨਾ ਚਾਹੀਦਾ ਹੈ। ਉੱਥੇ ਹੀ ਦੂਜੇ ਪਾਸੇ ਇੱਕ ਹੋਰ ਸਥਾਨਕ ਨਿਵਾਸੀ ਪਕੰਜ ਨੇ ਕਿਹਾ ਕਿ ਬਹੁਤ ਹੀ ਉਮੀਦਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਪਰ ਉਨ੍ਹਾਂ ਨੇ ਹਲਕੇ ’ਚ ਬਿਲਕੁੱਲ ਵੀ ਕੰਮ ਨਹੀਂ ਕੀਤਾ। ਪਰ ਉਹ ਇੱਕ ਵਾਰ ਵੀ ਹਲਕੇ ਚ ਨਹੀਂ ਆਏ। ਜਿਸ ਕਾਰਨ ਹਲਕੇ ਦੇ ਲੋਕਾਂ ਚ ਭਾਰੀ ਗੁੱਸਾ ਹੈ।
ਵਿਰੋਧੀਆ ਦੇ ਹਮਲੇ
ਪੰਜਾਬ ਵਿਧਾਨਸਭਾ ਚੋਣਾਂ ਦੇ ਚੱਲਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਨਾਲ ਹੀ ਆਪਣੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸੇ ਦੇ ਚੱਲਦੇ ਉਮੀਦਵਾਰਾਂ ਵੱਲੋਂ ਭਾਜਪਾ ਉਮੀਦਵਾਰਾਂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਜਦਕਿ ਇਸਦੇ ਉਲਟ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਬਚਾਉਣ ’ਤੇ ਲੱਗੇ ਹੋਏ ਹਨ। ਈਟੀਵੀ ਭਾਰਤ ਦੇ ਪੱਤਰਕਾਰ ਨੇ ਜਦੋ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਰਾਕੇਸ਼ ਕੁਮਾਰ ਮਾਜਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੰਨੀ ਦਿਓਲ ਨੂੰ ਲੋਕਾਂ ਨੇ ਵੱਡੀਆਂ ਉਮੀਦਾਂ ਦੇ ਨਾਲ ਜੇਤੂ ਬਣਾਇਆ ਸੀ ਪਰ ਜਿੱਤਣ ਤੋਂ ਬਾਅਦ ਉਹ ਆਪਣੇ ਲੋਕਸਭਾ ਹਲਕਾ ਚ ਨਜਰ ਨਹੀਂ ਆਏ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਚੰਦ ਕਟਾਰੂਚੱਕ ਨੇ ਵੀ ਸੰਨੀ ਦਿਓਲ ਦੇ ਲੋਕਸਭਾ ਹਲਕਾ ਗੁਰਦਾਸਪੁਰ ਪਠਾਨਕੋਟ ਚ ਨਾ ਪਹੁੰਚਣ ’ਤੇ ਭਾਜਪਾ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਲੋਕਾਂ ਪਹਿਲਾਂ ਹੀ ਕੈਪਟਨ ਦੇ ਰਾਜ ਤੋਂ ਪਰੇਸ਼ਾਨ ਸੀ ਅਤੇ ਸੰਨੀ ਦਿਓਲ ਫਿਲਮੀ ਜਗਤ ਤੋਂ ਹੋਣ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਜੇਤੂ ਬਣਾਇਆ। ਪਰ ਜੇਤੂ ਹੋਣ ਤੋਂ ਬਾਅਦ ਗੁਰਦਾਸਪੁਰ ਦੀ ਧਰਤੀ ਨੂੰ ਲਵਾਰਿਸ ਛੱਡ ਕੇ ਇੱਥੋ ਚਲਾ ਗਿਆ। ਜਿਹੜਾ ਐਮਪੀ ਤਿੰਨ ਸਾਲਾਂ ਤੋਂ ਇੱਥੇ ਨਹੀਂ ਆਇਆ ਉਸਦੇ ਕਿਹੜੇ ਵਿਕਾਸ ਦੇ ਚਿੰਨ੍ਹ ਹਨ।
ਭਾਜਪਾ ਉਮੀਦਵਾਰ ਨੇ ਦਿੱਤੀ ਸਫਾਈ
ਹਲਕਾ ਭੋਆ ਤੋਂ ਭਾਜਪਾ ਉਮੀਦਵਾਰ ਸੀਮਾ ਕੁਮਾਰੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਮਹਾਂਮਾਰੀ ਦੇ ਕਾਰਣ ਸੰਨੀ ਦਿਓਲ ਆਪਣੇ ਹਲਕਾ ਲੋਕਸਭਾ ਚ ਨਹੀਂ ਪਹੁੰਚ ਸਕੇ ਸੀ। ਜੋ ਵੀ ਕੰਮ ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਕਰਵਾਏ ਜਾਣੇ ਸੀ ਉਹ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਉਹ ਆਪਣੇ ਲੋਕਸਭਾ ਹਲਕੇ ’ਚ ਪਹੁੰਚਣਗੇ।
ਸੁਨੀਲ ਜਾਖੜ ਨੂੰ ਹਰਾ ਕੇ ਸੰਨੀ ਦਿਓਲ ਨੇ ਜਿੱਤ ਕੀਤੀ ਸੀ ਹਾਸਿਲ
ਦੱਸ ਦਈਏ ਕਿ 2019 ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਸਾਂਸਦ ਸੁਨੀਲ ਕੁਮਾਰ ਜਾਖੜ ਨੂੰ 82,459 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਸੀ।
ਇੰਨੀ ਵਾਰ ਆ ਚੁੱਕੇ ਹਨ ਸਾਂਸਦ ਸੰਨੀ ਦਿਓਲ ਹਲਕੇ ਗੁਰਦਾਸਪੁਰ ’ਚ
ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਗੁਰਦਾਸਪੁਰ ਵਿੱਚ ਸਿਰਫ਼ ਦੋ ਜਾਂ ਤਿਨ ਵਾਰ ਹੀ ਆਏ ਹਨ। ਪਹਿਲੀ ਵਾਰ ਸੰਨੀ ਦਿਓਲ ਜਿੱਤ ਤੋਂ ਬਾਅਦ 5 ਸਤੰਬਰ 2019 ਨੂੰ ਬਟਾਲਾ ਵਿਖੇ ਆਏ ਸੀ। ਜਿਸ ਦੌਰਾਨ ਉਹ ਬਟਾਲਾ ਵਿਖੇ ਵਾਪਰੇ ਪਟਾਕਾ ਫ਼ੈਕਟਰੀ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜਾਂ ਨੂੰ ਮਿਲਣ ਆਏ ਸੀ। ਦੂਜੀ ਵਾਰ 7 ਨੰਬਰ 2019 ਗੁਰਦਾਸਪੁਰ ਵਿੱਚ ਆਏ ਸੀ। ਜਦੋ ਉਨ੍ਹਾਂ ਨੇ ਗੁਰਦਾਸਪੁਰ ਅਤੇ ਬਟਾਲਾ ਦੇ ਸਿਵਲ ਹਸਪਤਾਲ ਨੂੰ ਦੋ ਹਾਈਟੈਕ ਤਕਨੀਕ ਦੀਆਂ ਐਮਬੂਲੈਂਸ ਦਿੱਤੀਆਂ ਸਨ ਅਤੇ ਤੀਜੀ ਵਾਰ 28 ਜਨਵਰੀ 2020 ਨੂੰ ਉਹ ਗੁਰਦਾਸਪੁਰ ਵਿੱਚ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕਰਨ ਆਏ ਸੀ।
ਕਈ ਵਾਰ ਲੱਗ ਚੁੱਕੇ ਹਨ ਗੁੰਮਸ਼ੁਦਾ ਦੇ ਪੋਸਟਰ
ਸਾਂਸਦ (MP) ਸੰਨੀ ਦਿਓਲ (Sunny Deol) ਦੇ ਹਲਕੇ ਚ ਕਈ ਵਾਰ ਪੋਸਟਰ ਲੱਗੇ ਹੋਏ ਦੇਖੇ ਗਏ ਹਨ। ਲੋਕਾਂ ਵੱਲੋਂ ਪੋਸਟਰਾਂ ਵਿੱਚ ਆਪਣੇ ਹੀ ਸਾਂਸਦ ਸੰਨੀ ਦਿਓਲ ਨੂੰ ਆਪਣੇ ਹਲਕੇ ਵਿੱਚੋਂ ਗੁੰਮਸ਼ੁਦਾ ਦੱਸਿਆ ਗਿਆ ਹੈ। ਸੰਨੀ ਦਿਓਲ ਦੇ ਹਲਕੇ ਚ ਨਾ ਆਉਣ ਕਾਰਨ ਲੋਕਾਂ ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸੰਨੀ ਦਿਓਲ ਨੂੰ ਆਪਣੇ ਹਲਕੇ ਵਿੱਚੋਂ ਵੋਟਾਂ ਦੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਵਾਈ ਸੀ, ਪਰ ਵੋਟਾਂ ਲੈਣ ਤੋਂ ਬਾਅਦ ਸੰਨੀ ਦਿਓਲ ਆਪਣੇ ਹੀ ਹਲਕੇ ਦੇ ਲੋਕਾਂ ਨੂੰ ਭੁੱਲ ਗਏ ਸਨ।
ਇਹ ਵੀ ਪੜੋ: ਚਾਰਕੋਣੇ ਮੁਕਾਬਲੇ ਵਿੱਚ ਕਿਵੇਂ ਬਣੇਗੀ ਪੰਜਾਬ ਵਿੱਚ ਸਰਕਾਰ?