ਪਠਾਨਕੋਟ: ਸ਼ਹਿਰ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਨਾ ਮਿਲਣ ਕਰਕੇ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ, ਪਠਾਨਕੋਟ ਵਿੱਚ ਆਰਟੀਓ ਦਫ਼ਤਰ ਤਾਂ ਹੈ, ਪਰ ਉਸ ਵਿੱਚ ਬੈਠਣ ਲਈ ਕੋਈ ਅਧਿਕਾਰੀ ਮੌਜੂਦ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਪਠਾਨਕੋਟ ਤੋਂ ਗੁਰਦਾਸਪੁਰ ਜਾ ਕੇ ਆਪਣੇ ਕੰਮ ਕਰਵਾਉਣੇ ਪੈਂਦੇ ਹਨ ਤੇ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ।
ਉੱਥੇ ਹੀ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ ਜਿਸ ਦੇ ਚਲਦਿਆਂ ਸਥਾਨੀ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਆਰਟੀਓ ਅਧਿਕਾਰੀ ਤਾਇਨਾਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ 40 ਕਿਲੋਮੀਟਰ ਦੂਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਾ ਕੇ ਆਪਣੇ ਕੰਮ ਨਾ ਕਰਵਾਉਣੇ ਪੈਣ।
ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਰਟੀਓ ਅਧਿਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਜੇ ਕਿਸੇ ਦਾ ਚਲਾਨ ਹੁੰਦਾ ਹੈ, ਤਾਂ ਉਸ ਨੂੰ ਵੀ ਗੁਰਦਾਸਪੁਰ ਜਾ ਕੇ ਭੁਗਤਣਾ ਪੈਂਦਾ ਹੈ।
ਇਸ ਲਈ ਪ੍ਰਸ਼ਾਸਨ ਤੋਂ ਮੰਗ ਹੈ, ਤੇ ਸਰਕਾਰ ਅੱਗੇ ਅਪੀਲ ਹੈ ਕਿ ਆਰਟੀਓ ਅਧਿਕਾਰੀ ਪਠਾਨਕੋਟ ਵਿੱਚ ਤਾਇਨਾਤ ਕੀਤਾ ਜਾਵੇ ਤਾਂ ਕਿ ਲੋਕੀ ਖੱਜਲ ਖ਼ੁਆਰ ਨਾ ਹੋਣ। ਦੂਜੇ ਪਾਸੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ, ਪਰ ਜੇਕਰ ਲੋਕ ਸ਼ਿਕਾਇਤ ਕਰ ਰਹੇ ਹਨ ਤਾਂ ਇਸ ਸਬੰਧ ਵਿੱਚ ਉਚਿਤ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹਲ ਕੱਢਿਆ ਜਾਵੇਗਾ।