ਪਠਾਨਕੋਟ: ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਜੇ ਜ਼ਮੀਨੀ ਹਕੀਕਤ ਦੇਖੀਏ ਤਾਂ ਕੁਝ ਹੋਰ ਹੀ ਵੇਖਣ ਨੂੰ ਮਿਲਦਾ ਹੈ।
ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਵਾਰਡ ਨੰਬਰ 23 ਦੇ ਵਿੱਚ, ਜਿੱਥੋਂ ਦੇ ਲੋਕ ਪਿਛਲੇ ਕੁਝ ਸਮੇਂ ਤੋਂ ਸੀਵਰੇਜ ਮਿਲਿਆ ਗੰਦਾ ਪਾਣੀ ਪੀਣ ਲਈ ਮਜਬੂਰ ਹਨ।
ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜੋ ਉਨ੍ਹਾਂ ਦੀ ਮੂਲਭੂਤ ਜ਼ਰੂਰਤ ਪਾਣੀ ਹੈ, ਉਸ ਨੂੰ ਪੰਜਾਬ ਸਰਕਾਰ ਛੇਤੀ ਹੱਲ ਕਰੇ।
ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਤਾਂ ਸ਼ਾਇਦ ਉਹ ਆਪਣਾ ਬਚਾਅ ਕਰ ਲੈਣ ਪਰ ਗੰਦਾ ਪਾਣੀ ਪੀਣ ਨਾਲ ਉਹ ਜ਼ਰੂਰ ਬਿਮਾਰ ਹੋ ਜਾਣਗੇ।
ਇਸ ਬਾਰੇ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਉਹ ਸੀਵਰੇਜ ਦੇ ਪਾਣੀ ਨਾਲ ਮਿਲਿਆ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਕਿਉਂਕਿ ਜਗ੍ਹਾ-ਜਗ੍ਹਾ ਤੋਂ ਜ਼ਮੀਨ ਦੇ ਅੰਦਰ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਲੀਕ ਕਰ ਰਹੀਆਂ ਹਨ ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਸਾਫ਼ ਪਾਣੀ ਦੀਆਂ ਪਾਈਪਾਂ ਦੇ ਵਿੱਚ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪੁੱਜ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਲੀਡਰਾਂ ਤੇ ਆਪਣਾ ਗ਼ੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਲੀਡਰ ਵੋਟ ਮੰਗਣ ਤਾਂ ਆ ਜਾਂਦੇ ਹਨ ਪਰ ਉਨ੍ਹਾਂ ਨੂੰ ਲੋਕਾਂ ਦੀ ਮੁਸ਼ਕਿਲ ਨਜ਼ਰ ਨਹੀਂ ਆਉਂਦੀ।