ਪਠਾਨਕੋਟ: ਅਨਲੌਕ 3.0 ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਕਾਫ਼ੀ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ। ਦੇਸ਼ 'ਚ ਤਿਉਹਾਰਾਂ ਦਾ ਸਮਾਂ ਹੈ। ਰੱਖੜੀ ਦੇ ਤਿਉਹਾਰ ਮੌਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਅਤੇ ਸਿਹਤ ਨੂੰ ਵੇਖਦੇ ਹੋਏ ਸਪੈਸ਼ਲ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਰਾਈਵਰ ਅਤੇ ਕੰਡਕਟਰ ਵੀ ਸਪੈਸ਼ਲ ਤੌਰ 'ਤੇ ਇਸ ਕੋਰੋਨਾ ਮਹਾਂਮਾਰੀ ਦੌਰਾਨ ਤਿਆਰ ਕੀਤੇ ਜਾ ਰਹੇ ਹਨ।
ਲੋਕਾਂ ਨੂੰ ਰੱਖੜੀ ਮੌਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ, ਇਸ ਲਈ ਕਈ ਰੂਟਾਂ ਉੱਤੇ ਬੱਸਾਂ ਵਧਾਈਆਂ ਗਈਆਂ ਹਨ। ਇਸ ਦੇ ਬਾਵਜੂਦ ਵੀ ਰੋਡਵੇਜ਼ ਦੇ ਅਧਿਕਾਰੀਆਂ ਦੇ ਮੱਥੇ 'ਤੇ ਸ਼ਿਕਨ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਨਾਲ ਲਗਦੇ ਸੂਬੇ ਜੰਮੂ ਅਤੇ ਹਿਮਾਚਲ ਬੰਦ ਹੋਣ ਕਾਰਨ ਕੋਈ ਵੀ ਸਵਾਰੀ ਨਹੀਂ ਹੈ। ਸਵਾਰੀਆਂ ਨਾ ਹੋਣ ਕਾਰਨ ਰੋਡਵੇਜ਼ ਨੂੰ ਕਿਤੇ ਨਾ ਕਿਤੇ ਘਾਟਾ ਜ਼ਰੂਰ ਪੈ ਰਿਹਾ ਹੈ।
ਪਠਾਨਕੋਟ ਡੀਪੂ ਦੇ ਸਟੇਸ਼ਨ ਸੁਪਰਡੈਂਟ ਨੇ ਕਿਹਾ ਕਿ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਸਪੈਸ਼ਲ ਬੱਸਾਂ ਚਲਾਈਆਂ ਗਈਆਂ ਹਨ ਤਾਂ ਜੋ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆ ਸਕੇ। ਉੱਥੇ ਹੀ ਪਠਾਨਕੋਟ ਡਿਪੂ ਵਿੱਚ ਨਾ ਹੀ ਜੰਮੂ ਤੋਂ ਅਤੇ ਨਾ ਹੀ ਹਿਮਾਚਲ ਤੋਂ ਸਵਾਰੀਆਂ ਆ ਰਹੀਆਂ ਹਨ ਕਿਉਂਕਿ ਇਨ੍ਹਾਂ ਸੂਬਿਆਂ ਨੂੰ ਇਨ੍ਹਾਂ ਦੀਆਂ ਸਰਕਾਰਾਂ ਵੱਲੋਂ ਨਹੀਂ ਖੋਲ੍ਹਿਆ ਗਿਆ। ਇਸ ਨਾਲ ਪੰਜਾਬ ਰੋਡਵੇਜ਼ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।