ਪਠਾਨਕੋਟ: ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਜਿੱਥੇ ਪੂਰੇ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਸ ਨੂੰ 3 ਮਈ ਤੱਕ ਵਧਾਇਆ ਵੀ ਗਿਆ ਹੈ। ਇਸ ਦੇ ਚੱਲਦੇ ਕਰੀਬ ਇੱਕ ਮਹੀਨੇ ਤੋਂ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਇਸ ਵਜ੍ਹਾ ਨਾਲ ਉਨ੍ਹਾਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪੈ ਗਏ ਹਨ।
ਰੋਜ਼ ਦਿਹਾੜੀ ਲਗਾ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਘਰ ਦੇ ਵਿੱਚ ਪਿਆ ਰਾਸ਼ਨ ਮੁੱਕ ਗਿਆ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ। ਇਸ ਦੇ ਚੱਲਦੇ ਜਿੱਥੇ ਉਨ੍ਹਾਂ ਨੇ ਸਰਕਾਰ ਦੇ ਖ਼ਿਲਾਫ ਆਪਣਾ ਰੋਸ ਜਤਾਇਆ, ਉੱਥੇ ਹੀ ਆਪਣੇ ਮੌਜੂਦਾ ਕੌਂਸਲਰ ਦੇ ਖਿਲਾਫ ਵੀ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਉਦੋਂ ਤਾਂ ਲੀਡਰ ਬੜੀ ਜਲਦੀ ਆ ਜਾਂਦੇ ਹਨ ਪਰ ਅੱਜ ਮੁਸੀਬਤ ਦੀ ਘੜੀ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ: ਸਿਹਤ ਵਿਭਾਗ ਨੇ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਸਿਵਲ ਹਸਪਤਾਲ 'ਚ ਕਰਵਾਇਆ ਦਾਖ਼ਲ
ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਰਫਿਊ ਲੱਗਣ ਕਾਰਨ ਹਰ ਪਾਸੇ ਬੰਦ ਹੈ ਅਤੇ ਅਸੀਂ ਕੰਮ ਤੋਂ ਵੀ ਨਕਾਰਾ ਹੋ ਚੁੱਕੇ ਹਾਂ, ਸਾਡੇ ਘਰਾਂ ਵਿੱਚ ਖਾਣ-ਪੀਣ ਦੀ ਕੋਈ ਵੀ ਚੀਜ਼ ਨਹੀਂ ਹੈ ਅਤੇ ਸਰਕਾਰ ਵੱਲੋਂ ਵੀ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਵਾਰਡ ਦੇ ਕੌਂਸਲਰ ਨੇ ਵੀ ਆ ਕੇ ਉਨ੍ਹਾਂ ਦੀ ਕੋਈ ਸੁਧ ਨਹੀਂ ਲਈ ਹੈ।
ਉਥੇ ਹੀ ਦੂਜੇ ਪਾਸੇ ਜਦੋਂ ਮੌਜੂਦਾ ਕੌਂਸਲਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਾਸ਼ਨ ਪਿੱਛੋਂ ਹੀ ਨਹੀਂ ਆ ਰਿਹਾ। ਇੱਕ ਦੋ ਦਿਨਾਂ ਤੱਕ ਰਾਸ਼ਨ ਮਿਲ ਜਾਣਾ ਹੈ ਅਤੇ ਇਨ੍ਹਾਂ ਨੂੰ ਦੇ ਦਿੱਤਾ ਜਾਵੇਗਾ।