ਪਠਾਨਕੋਟ: ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 24 ਪੌਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਤੋਂ ਬਾਅਦ ਪਠਾਨਕੋਟ ਨੂੰ ਹੌਟ ਸਪੌਟ ਐਲਾਨ ਕਰ ਦਿੱਤਾ ਗਿਆ ਹੈ। ਕਰਫਿਊ ਐਲਾਨੇ ਜਾਣ ਦੇ ਬਾਵਜੂਦ ਵੀ ਲੋਕ ਘਰਾਂ ਵਿੱਚੋਂ ਨਿਕਲ ਰਹੇ ਹਨ ਤੇ ਪੁਲਿਸ ਵੱਲੋਂ ਵੀ ਸਖ਼ਤੀ ਕੀਤੀ ਜਾ ਰਹੀ।
ਇਲਾਕੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਚੁੱਕੀ ਹੈ ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ ਤੇ ਸੜਕਾਂ ਉੱਤੇ ਘੁੰਮ ਰਹੇ ਹਨ ਜਿਸ ਦੇ ਚੱਲਦਿਆਂ ਪਠਾਨਕੋਟ ਪੁਲਿਸ ਵੱਲੋਂ ਸਖ਼ਤੀ ਕਰਦੇ ਹੋਏ ਧਾਰਾ 188 ਤਹਿਤ 308 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ 237 ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਸ ਵਿੱਚੋਂ 220 ਲੋਕਾਂ ਦੇ ਸੈਂਪਲ ਨੈਗੇਟਿਵ ਆ ਚੁੱਕੇ ਹਨ ਤੇ 17 ਹਾਲੇ ਤਕ ਪੈਂਡਿੰਗ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਐਸਪੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜੋ ਲੋਕ ਕਰਫਿਊ ਦੀ ਉਲੰਘਣਾ ਕਰ ਰਹੇ ਹਨ, ਪੁਲਿਸ ਵੱਲੋਂ ਉਨ੍ਹਾਂ 'ਤੇ ਸਖ਼ਤੀ ਕਾਰਵਾਈ ਕੀਤੀ ਜਾ ਰਹੀ ਹੈ।