ਪਠਾਨਕੋਟ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਜਿਥੇ ਇੱਕ ਪਾਸੇ ਲੋਕ ਪਟਾਕੇ ਚਲਾਉਣਾ ਪਸੰਦ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਰਹਿੰਦਾ ਹੈ। ਪਠਾਨਕੋਟ ਦੇ ਫਾਇਰ ਬ੍ਰਿਗੇਡ ਵਿਭਾਗ ਕੋਲ ਸ਼ਹਿਰ ਦੇ ਤੰਗ ਇਲਾਕਿਆਂ 'ਚ ਪਹੁੰਚਣ ਲਈ ਕੋਈ ਸਾਧਨ ਮੌਜੂਦ ਨਹੀਂ ਹੈ।
ਤਿਉਹਾਰਾਂ ਦੇ ਚਲਦੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਦੀਵਾਲੀ ਦੇ ਤਿਉਹਾਰ ਦੌਰਾਨ ਪਟਾਕੇ ਤੇ ਹੋਰਨਾਂ ਕਈ ਕਾਰਨਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਫਾਇਰ ਬ੍ਰਿਗੇਡ ਕੋਲ ਅਜਿਹੀ ਘਟਨਾਵਾਂ 'ਤੇ ਕਾਬੂ ਪਾਉਣ ਲਈ ਲੋੜੀਦਾਂ ਸਮਾਨ ਹੋਣਾ ਬੇਹਦ ਜ਼ਰੂਰੀ ਹੈ।
ਪਠਾਨਕੋਟ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੱਥੂ ਰਾਮ ਨੇ ਦੱਸਿਆ ਕਿ ਤਿਉਹਾਰਾਂ ਦੇ ਸਮੇਂ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਹੁੰਦੀਆਂ ਹਨ। ਉਨ੍ਹਾਂ ਕੋਲ ਸ਼ਹਿਰ ਦੇ ਤੰਗ ਇਲਾਕਿਆਂ ਤੇ ਗਲੀਆਂ ਵਿੱਚ ਪਹੁੰਚਣ ਲਈ ਕੋਈ ਸਾਧਨ ਨਹੀਂ ਹੈ। ਜੇਕਰ ਕਿਸੇ ਤੰਗ ਇਲਾਕੇ 'ਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਾਧਨ ਨਾ ਹੋਣ ਦੇ ਚਲਦੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਲਈ ਵੀ ਕਈ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਦੇ ਹੱਲ ਵਜੋਂ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਫਾਇਰ ਬ੍ਰਿਗੇਡ ਵਿਭਾਗ ਲਈ ਅਜਿਹੇ ਸਾਧਨਾਂ ਦੀ ਮੰਗ ਕੀਤੀ ਗਈ ਸੀ, ਜਿਸ ਨਾਲ ਅਸਾਨੀ ਨਾਲ ਤੰਗ ਇਲਾਕਿਆਂ ਵਿੱਚ ਵੀ ਫਾਇਰ ਬ੍ਰਿਗੇਡ ਨੂੰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਨਗਰ ਨਿਗਮ ਪਠਾਨਕੋਟ, ਪੰਜਾਬ ਸਰਕਾਰ ਕੋਲ ਲਗਾਤਾਰ ਲਿਖਤੀ ਅਪੀਲ ਕੀਤੇ ਜਾਣ ਮਗਰੋਂ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਾਂ, ਪਰ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਉਹ ਕਈ ਜਾਨਾਂ ਬਚਾਉਣ 'ਚ ਸਫਲ ਰਹਿਣਗੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਜਲਦ ਤੋਂ ਜਲਦ ਛੋਟੀਆਂ ਗੱਡੀਆਂ ਮੁਹੱਇਆ ਕਰਵਾਏ ਜਾਣ ਦੀ ਮੰਗ ਕੀਤੀ ਹੈ।