ਪਠਾਨਕੋਟ: ਕੇਂਦਰ ਦੀ ਮੋਦੀ ਸਰਕਾਰ ਜਾਂ ਪੰਜਾਬ ਦੀ ਕੈਪਟਨ ਸਰਕਾਰ ਗਰੀਬਾਂ ਦੇ ਲਈ ਕੀਤੇ ਕੰਮਾਂ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ। ਇਸ ਦੇ ਉਲਟ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਪਠਾਨਕੋਟ ਸ਼ਹਿਰ ਦੇ ਅਨੰਦਪੁਰ ਮੁਹੱਲੇ ਦੀ ਗਰੀਬ ਮਹਿਲਾ ਦੇ ਸਿਰ 'ਤ ਬਣੀ ਟੀਨਾਂ ਦੀ ਛੱਤ ਤੇਜ ਤੁਫਾਨ ਤੇ ਮੀਂਹ ਨਾਲ ਉੱਡ ਗਈ। ਇਸ ਮਹਿਲਾ ਦੀ ਤਰਾਸਦੀ ਇਹ ਹੈ ਕਿ ਇਸ ਨੇ ਸਰਕਾਰੇ ਦਰਬਾਰੇ ਕਈ ਵਾਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਅਧੀਨ ਘਰ ਬਣਾਉਣ ਲਈ ਅਰਜ਼ੀ ਦਿੱਤੀ ਹੈ ਪਰ ਸਰਕਾਰ ਨੇ ਹਾਲੇ ਤੱਕ ਇਸ ਦੀ ਬਾਂਹ ਨਹੀਂ ਫੜੀ।
ਪੀੜਤ ਮਹਿਲਾ ਰਾਮ ਪਿਆਰੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਸ ਵਾਰੀ ਜਦੋਂ ਮੀਂਹ ਤੇ ਤੂਫਾਨ ਆਇਆ ਤਾਂ ਉਨ੍ਹਾਂ ਦੀ ਟੀਨਾਂ ਦੀ ਛੱਤ ਉੱਡ ਗਈ। ਇਸ ਦੌਰਾਨ ਰਾਮ ਪਿਆਰੀ ਖੁਦ ਵੀ ਮਸਾਂ ਹੀ ਬੱਚ ਸਕੀ ਹੈ। ਉਨ੍ਹਾਂ ਕਿਹਾ ਨਗਰ ਨਿਗਮ ਕੋਲ ਕਈ ਵਾਰ ਦਰਖਾਸਤ ਦਿੱਤੀ ਹੈ ਕਿ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ ਘਰ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ ਪਰ ਕਿਸੇ ਨੇ ਹਾਲੇ ਤੱਕ ਉਨ੍ਹਾਂ ਦੀ ਵਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਜਦੋਂ ਵੀ ਅਧਿਕਾਰੀਆਂ ਨੂੰ ਪੁੱਛਿਆਂ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਨੇ ਕਿ ਫਾਇਲ ਉੱਪਰ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜਦਲ ਤੋਂ ਜਲਦ ਰਾਮ ਪਿਆਰੀ ਦੀ ਮਦਦ ਕੀਤੀ ਜਾਵੇ।
ਇੱਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਮੈਂਬਰ ਤੇ ਅਦਾਕਾਰ ਸਨੀ ਦਿਓਲ ਕੇਂਦਰ ਦੀਆਂ ਸਰਕਾਰੀ ਸਕੀਮਾਂ ਆਪਣੇ ਹਲਕੇ ਵਿੱਚ ਨਹੀਂ ਲਿਆ ਪਾ ਰਿਹਾ। ਇਸੇ ਨਾਲ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ ਕਿ ਉਹ ਗਰੀਬਾਂ ਨੂੰ ਸਿਰ 'ਤੇ ਛੱਤ ਲਈ ਕੇਂਦਰ ਸਰਕਾਰ ਦੇ ਭਰੋਸੇ ਛੱਡੀ ਬੈਠੀ ਹੈ। ਕੀ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਲੋੜਵੰਦ ਲੋਕਾਂ ਦੇ ਮਕਾਨ ਨਹੀਂ ਬਣਾ ਸਕਦੀ?