ਪਠਾਨਕੋਟ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਇਸ ਵਾਰ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਹਰ ਵਾਰ ਦੀ ਤਰ੍ਹਾਂ ਕੁੜੀ ਨੇ ਇਨ੍ਹਾਂ ਨਜ਼ਤੀਜਿਆਂ ਵਿੱਚ ਆਪਣਾ ਲੋਹਾ ਮੰਨਵਾਇਆ ਹੈ। ਕੁਝ ਇਸੇ ਤਰ੍ਹਾਂ ਦੀ ਹੋਣਹਾਰ ਵਿਦਿਆਰਥਣ ਕਨਿਕਾ ਸ਼ਰਮਾ ਹੈ, ਜਿਸ ਨੇ 450 ਅੰਕਾਂ ਵਿੱਚੋਂ 447 ਅੰਕ ਲੈ ਕੇ ਪਠਾਨਕੋਟ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਨਿਕਾ ਦੀ ਇਸ ਪ੍ਰਾਪਤੀ ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮਾਣ ਹੈ।
ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿਆਲਾ ਦੀ ਵਿਦਿਆਰਥਣ ਕਨਿਕਾ ਸ਼ਰਮਾ ਨੇ 450 ਵਿੱਚੋਂ ਹਾਸਲ ਕੀਤੇ 447 ਨੰਬਰ ਕੀਤ ਹਨ ਅਤੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ 'ਤੇ ਰਹੀ ਹੈ। ਪਠਾਨਕੋਟ ਦੀ ਇਹ ਵਿਦਿਆਰਥਣ ਪਿੰਡ ਚੱਕ ਨਾਰਾਇਣੀ ਦੇ ਇੱਕ ਸਧਾਰਣ ਪਰਿਵਾਰ ਨਾਲ ਸਬੰਧਤ ਹੈ। ਕਨਿਕਾ ਦੇ ਪਿਤਾ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਹਨ।
ਆਪਣੀ ਇਸ ਪ੍ਰਾਪਤੀ ਬਾਰੇ ਗੱਲ ਕਰਦੇ ਹੋਏ ਕਨਿਕਾ ਨੇ ਕਿਹਾ ਕਿ ਉਸ ਨੇ ਪੜ੍ਹਾਈ ਨੂੰ ਮੰਨ ਲਾ ਕੇ ਅਤੇ ਬਿਨ੍ਹਾ ਕਿਸੇ ਤਣਾਅ ਤੋਂ ਕੀਤਾ ਹੈ। ਉਸ ਨੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਵੱਡਾ ਹੱਥ ਹੈ। ਜਿਨ੍ਹਾਂ ਨੇ ਹਰ ਮੁਸ਼ਕਲ ਵਿੱਚ ਉਸ ਦਾ ਸਾਥ ਦਿੱਤਾ ਹੈ। ਕਨਿਕਾ ਨੇ ਕਿਹਾ ਕਿ ਉਹ ਭਵਿੱਖ ਵਿੱਚ ਮਿਹਨਤ ਕਰਕੇ ਇੱਕ ਆਈਏਐਸ ਅਫ਼ਸਰ ਬਣਾ ਚਹੁੰਦੀ ਹੈ।
ਕਨਿਕਾ ਸ਼ਰਮਾ ਦੀ ਮਾਂ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਦੀ ਪ੍ਰਾਪਤੀ 'ਤੇ ਮਾਣ ਹੈ। ਉਨ੍ਹਾਂ ਕਿਹਾ ਉਹ ਕਨਿਕਾ ਦੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਇਸ ਨੂੰ ਐਨੇ ਵਧੀਆ ਤਰੀਕੇ ਨਾਲ ਮਿਹਨਤ ਕਰਵਾਈ ਹੈ। ਉਨ੍ਹਾਂ ਕਿਹਾ ਉਹ ਚਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਅੱਗੇ ਚੱਲ ਕੇ ਵੀ ਹੋਰ ਵਧੀਆ ਤਰੀਕੇ ਨਾਲ ਪੜ੍ਹਣ।
ਕਨਿਕਾ ਦੇ ਸਕੂਲ ਦੀ ਪਿ੍ਰੰਸੀਪਲ ਕਮਲਦੀਪ ਕੌਰ ਨੇ ਦੱਸਿਆ ਕਿ ਕਨਿਕਾ ਪੜ੍ਹਣ ਵਿੱਚ ਬਹੁਤ ਹੁਸ਼ਿਆਰ ਹੈ। ਉਨ੍ਹਾਂ ਕਿਹਾ ਸਕੂਲ ਦੇ ਅਧਿਆਪਕਾਂ ਨੇ ਕਨਿਕਾ ਸਮੇਤ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਦਾ ਸਟਾਫ ਭਵਿੱਖ ਵਿੱਚ ਵੀ ਕਨਿਕਾ ਨੂੰ ਪੜ੍ਹਾਈ ਵਿੱਚ ਹਰ ਤਰ੍ਹਾਂ ਦੀ ਮਦਦ ਕਰੇਗਾ।