ਪਠਾਨਕੋਟ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ (Shahpurkandi Barrage Project) ਜੋ ਕਿ ਰਣਜੀਤ ਸਾਗਰ ਡੈਮ (Ranjit Sagar Dam) ਦੀ ਦੂਸਰੀ ਇਕਾਈ ਹੈ ਜਿੱਥੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਬੈਰਾਜ ਪ੍ਰਾਜੈਕਟ ਦੇ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇੱਕ ਪਾਸੇ ਇਹ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਡੈਮ ਪ੍ਰਸ਼ਾਸਨ (Dam administration) ਨੇ ਦੂਸਰੇ ਪਾਸੇ ਕੰਮ ਸ਼ੁਰੂ ਕੀਤਾ ਜਿਸ ਦੇ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਵਿੱਚੋਂ ਆਉਣ ਵਾਲੇ ਪਾਣੀ ਨੂੰ ਡਾਈਵਰਟ ਕੀਤਾ ਗਿਆ। ਇਸ ਦੇ ਕਾਰਨ ਸ਼ਾਹਪੁਰ ਕੰਢੀ ਪਿੰਡ ਦੇ ਵਿਚ ਕਰੀਬ ਪੰਜ ਸੌ ਘਰਾਂ ਦੇ ਵਿੱਚ ਪਾਣੀ ਭਰ ਗਿਆ ਹੈ। ਘਰਾਂ ਦੇ ਵਿੱਚ ਪਾਣੀ ਦਾਖਲ ਹੋਣ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੀੜਤ ਪਰਿਵਾਰਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ 1992 ਦੇ ਵਿੱਚ ਜ਼ਮੀਨਾਂ ਐਕੁਆਇਰ ਕੀਤੀਆਂ ਸਨ ਉਨ੍ਹਾਂ ਦੀਆਂ ਜ਼ਮੀਨਾਂ ਵੀ ਐਕੁਆਇਰ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਕਿਸ ਹੋਰ ਜਗ੍ਹਾ ‘ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਸਕਣ।
ਇਸ ਪਾਣੀ ਦੇ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿੱਥੇ ਕਿ ਡੇਅਰੀ ਪਾਲਕਾਂ ਅਤੇ ਪੋਲਟਰੀ ਫਾਰਮਾਂ ਨੂੰ ਨੁਕਸਾਨ ਹੋਇਆ ਹੈ। ਉੱਥੇ ਹੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕਾਫੀ ਸਮੱਸਿਆ ਆ ਰਹੀ ਹੈ। ਲੋਕਾਂ ਨੂੰ ਖਾਣ ਪੀਣ ਦੇ ਸਾਮਾਨ ਦੇ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰਸਤੇ ਵਿੱਚ ਜ਼ਿਆਦਾ ਜਗ੍ਹਾ ਤੇ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਆਉਣਾ ਜਾਣਾ ਔਖਾ ਹੋਇਆ ਪਿਆ ਹੈ। ਇਸ ਸਮੱਸਿਆ ਦੇ ਚੱਲਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਦੇਣ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ।
ਉੱਧਰ ਜਦੋਂ ਇਸ ਬਾਰੇ ਡੈਮ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬੈਰਾਜ ਪ੍ਰਾਜੈਕਟ ਦਾ ਕੰਮ ਇੱਕ ਪਾਸੇ ਮੁਕੰਮਲ ਕਰ ਲਿਆ ਹੈ ਅਤੇ ਦੂਸਰੇ ਪਾਸੇ ਸ਼ੁਰੂ ਕੀਤਾ ਹੈ ਜਿਸ ਕਰਕੇ ਪਾਣੀ ਨੂੰ ਡਾਈਵਰਟ ਕੀਤਾ ਸੀ ਜਿਸ ਦੇ ਕਾਰਨ ਹੋ ਸਕਦਾ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਹੋਵੇ ਕਿਉਂਕਿ ਅਜੇ ਕੁਝ ਜਗ੍ਹਾ ਐਕੁਆਇਰ ਕਰਨ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਐਕੁਆਇਰ ਕਰਕੇ ਇਨ੍ਹਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ