ਪਠਾਨਕੋਟ: ਕ੍ਰਿਕਟਰ ਸੁਰੇਸ਼ ਰੈਨਾ ਦੀ ਭੂਆ ਘਰ ਹੋਏ ਹਮਲੇ ਅਤੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਇਸ ਘਟਨਾ ਨੂੰ ਲੁਟੇਰਿਆਂ-ਅਪਰਾਧੀਆਂ ਦੇ ਅੰਤਰਰਾਜੀ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ ਸੀ, ਜਿਨ੍ਹਾਂ ਦੇ 3 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਵਿੱਚ ਕੁੱਲ 14 ਮੁਲਜ਼ਮ ਸ਼ਾਮਿਲ ਸਨ, ਜਿਨ੍ਹਾਂ ਵਿੱਚ 3 ਮਹਿਲਾਵਾਂ ਵੀ ਸ਼ਾਮਿਲ ਹਨ। ਫਿਲਹਾਲ ਪੁਲਿਸ 3 ਮੈਂਬਰਾਂ ਨੂੰ ਹੀ ਗ੍ਰਿਫਤਾਰ ਕਰ ਸਕੀ ਹੈ ਜਦਕਿ 11 ਮੁਲਜ਼ਮਾਂ ਦੀ ਭਾਲ ਜਾਰੀ ਹੈ।
ਦੂਜੇ ਪਾਸੇ ਕ੍ਰਿਕਟਰ ਸੁਰੇਸ਼ ਰੈਨਾ ਅੱਜ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਵਿਖੇ ਆਪਣੀ ਭੂਆ ਘਰ ਪਹੁੰਚੇ। ਦੱਸਣਯੋਗ ਹੈ ਕਿ ਬੀਤੇ ਦਿਨ ਪਹਿਲਾਂ ਹੀ ਉਨ੍ਹਾਂ ਦੇ ਅੰਕਲ ਤੇ ਕਜ਼ਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬੁੱਧਵਾਰ ਸੁਰੇਸ਼ ਰੈਨਾ ਅਫਸੋਸ ਕਰਨ ਲਈ ਭੂਆ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਦੀ ਮਾਂ, ਭਰਾ ਦਿਨੇਸ਼ ਰੈਨਾ, ਸੂਰਜਪੁਰ ਨਿਵਾਸੀ ਮਾਮਾ-ਮਾਸੀ ਤੇ ਭਾਭੀ ਵੀ ਰੈਨਾ ਨਾਲ ਉੱਥੇ ਪਹੁੰਚੇ।
ਕੀ ਹੈ ਪੂਰਾ ਮਾਮਲਾ
ਬੀਤੀ 19 ਅਗਸਤ ਨੂੰ ਪਠਾਨਕੋਟ ਦੇ ਥਰਿਆਲ ਵਿੱਚ ਰਹਿੰਦੀ ਸੁਰੇਸ਼ ਰੈਨਾ ਦੀ ਭੂਆ ਦੇ ਘਰ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਹੁਣ 31 ਅਗਸਤ ਦੀ ਰਾਤ ਨੂੰ ਰੈਨਾ ਦੀ ਭੂਆ ਦੇ ਮੁੰਡੇ ਦੀ ਵੀ ਮੌਤ ਹੋ ਗਈ ਹੈ। ਘਟਨਾ ਵਿੱਚ ਜਖ਼ਮੀ ਹੋਈ ਰੈਨਾ ਦੀ ਭੂਆ ਅਜੇ ਵੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।