ਪਠਾਨਕੋਟ: ਰਣਜੀਤ ਸਾਗਰ ਡੈਮ ਨੂੰ ਬਣੇ ਹੋਏ ਕਈ ਸਾਲ ਬੀਤ ਚੁੱਕੇ ਹਨ ਅਤੇ ਜਦ ਡੈਮ ਬਣਨਾ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਦੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਡੈਮ ਵਿੱਚ ਆਈ ਹੈ ਉਨ੍ਹਾਂ ਨੂੰ ਡੈਮ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ। ਪਰ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕਿਸਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ। ਇਸੇ ਤਹਿਤ ਸ਼ੁੱਕਰਵਾਰ ਨੂੰ ਬੈਰਾਜ ਔਸਤੀਆ ਸੰਘਰਸ਼ ਕਮੇਟੀ ਨੇ ਡੈਮ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਪਠਾਨਕੋਟ ਵਿਖੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਵਿੱਚੋਂ ਹੀ ਇੱਕ ਪ੍ਰਦਰਸ਼ਨਕਾਰੀ ਨੇ ਮੰਗਾਂ ਨਾ ਪੂਰੀਆਂ ਹੋਣ 'ਤੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੇ ਸਵਾਲਾਂ ਤੋਂ ਬਚਣ ਲਈ ਡੈਮ ਅਧਿਕਾਰੀ ਆਪਣੇ ਦਫ਼ਤਰ ਨਹੀਂ ਆਏ।
ਇਹ ਵੀ ਪੜ੍ਹੋ: ਉਨਾਓ ਬਲਾਤਕਾਰ ਮਾਮਲਾ: ਕੁਲਦੀਪ ਸੇਂਗਰ ਨੂੰ ਦਿੱਲੀ ਦੀ ਅਦਾਲਤ ਨੇ ਸੁਣਾਈ ਉੱਮਰਕੈਦ ਦੀ ਸਜਾ
ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ ਡੈਮ ਦੇ ਵਿੱਚ ਆਈਆਂ ਹਨ ਤੇ ਜਿਨ੍ਹਾਂ ਲੋਕਾਂ ਨੂੰ ਨੌਕਰੀ ਮਿਲੀ ਹੈ ਉਹ ਗ਼ਲਤ ਤਰੀਕੇ ਨਾਲ ਨੌਕਰੀ ਕਰ ਰਹੇ ਹਨ ਜਿਸ ਵਿੱਚ ਪ੍ਰਸ਼ਾਸਨ ਦਾ ਵੀ ਪੂਰਾ ਹੱਥ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਧੱਕੇ ਖਾ ਰਹੇ ਹਾਂ ਪਰ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ।