ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਿਛਲੇ ਦਿਨੀਂ ਕਰਫ਼ਿਊ ਦੌਰਾਨ ਜਿੱਥੇ ਜ਼ਿਆਦਾਤਰ ਹਸਪਤਾਲ ਬੰਦ ਸਨ। ਪ੍ਰਾਈਵੇਟ ਡਾਕਟਰ ਕਿਸੇ ਵੀ ਮਰੀਜ਼ ਨੂੰ ਨਹੀਂ ਚੈਕ ਕਰ ਰਹੇ, ਸਿਰਫ਼ ਸਰਕਾਰੀ ਹਸਪਤਾਲ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪਠਾਨਕੋਟ ਦੇ ਇੱਕ ਸੱਤ ਸਾਲ ਦਾ ਮਾਸੂਮ ਡਾਕਟਰ ਨਾ ਮਿਲਣ ਕਾਰਨ ਅਤੇ ਸਹੀ ਸਮੇਂ ਉੱਤੇ ਇਲਾਜ ਨਾ ਹੋਣ ਮੌਤ ਦਾ ਸ਼ਿਕਾਰ ਬਣ ਗਿਆ।
ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਕਈ ਥਾਵਾਂ ਉੱਤੇ ਇਨਸਾਫ਼ ਦੀ ਗੁਹਾਰ ਲਾਈ ਕਿ ਡਾਕਟਰਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਪਰ ਕਿਸੇ ਪਾਸੋਂ ਕੋਈ ਇਨਸਾਫ਼ ਨਾ ਮਿਲਣ ਕਾਰਨ ਮ੍ਰਿਤਕ ਕ੍ਰਿਸ਼ਨਾ ਦੇ ਪਰਿਵਾਰ ਵਾਲਿਆਂ ਨੇ ਸੜਕ ਉੱਤੇ ਆ ਕੇ ਪ੍ਰਦਰਸ਼ਨ ਕਰਨਾ ਹੀ ਇਸ ਸਹੀ ਸਮਝਿਆ ਅਤੇ ਪੂਰੇ ਪਰਿਵਾਰ ਸਹਿਤ ਸੜਕ ਉੱਤੇ ਧਰਨਾ ਦੇ ਕੇ ਰੋਸ ਜਤਾਇਆ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸੇ ਦਿਨ ਕਿਸੇ ਵੀ ਡਾਕਟਰ ਨੇ ਬੱਚੇ ਨੂੰ ਆਕਸੀਜਨ ਤੱਕ ਨਹੀਂ ਲਗਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਬੱਚੇ ਦੀ ਮੌਤ ਹੋਈ ਨੂੰ ਲਗਭਗ 25-26 ਦਿਨ ਹੋ ਗਏ ਹਨ, ਪਰ ਅਜੇ ਤੱਕ ਨਾ ਤਾਂ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਦਿੱਤਾ ਅਤੇ ਨਾ ਹੀ ਕੋਈ ਕਾਰਵਾਈ ਕੀਤੀ।
ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇ ਕਿਸੇ ਲੀਡਰ ਦੇ ਬੱਚੇ ਨਾਲ ਏਦਾਂ ਹੋਇਆ ਹੁੰਦਾ ਤਾਂ ਕਦੋਂ ਦਾ ਡਾਕਟਰ ਸਲਾਖ਼ਾਂ ਦੇ ਪਿੱਛੇ ਹੋਣਾ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਧਰਨਾ ਨਹੀਂ ਚੁੱਕਦੇ।
ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਲਕਾ ਭੋਆ ਦੇ ਵਿਧਾਇਕ ਜੁਗਿੰਦਰ ਪਾਲ ਨੇ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਡਾਕਟਰਾਂ ਵੱਲੋਂ ਜੋ ਲਾਪਰਵਾਹੀ ਕੀਤੀ ਗਈ ਹੈ, ਇਸ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।