ਪਠਾਨਕੋਟ : ਰੋਜ਼ੀ ਰੋਟੀ ਕਮਾਉਣ ਲਈ ਕੁਵੈਤ ਗਏ ਪੰਜ ਨੌਜਵਾਨ ਕੁਵੈਤ ਵਿੱਚ ਫਸ ਗਏ ਹਨ। ਇਸ ਸਬੰਧ ਵਿੱਚ ਉਨ੍ਹਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਇਨ੍ਹਾਂ ਪੰਜ ਨੌਜਵਾਨਾਂ ਵਿੱਚ ਦੋ ਸਗੇ ਭਰਾ ਵੀ ਸ਼ਾਮਲ ਹਨ ਜੋ ਕਿ ਪਠਾਨਕੋਟ ਦੇ ਨਿਵਾਸੀ ਹਨ। ਇਨ੍ਹਾਂ ਪੰਜਾਂ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਅਤੇ ਬਲਵਿੰਦਰ ਕੁਮਾਰ ਪਠਾਨਕੋਟ, ਜਲੰਧਰ ਤੋਂ ਮਨਦੀਪ, ਬਿਆਸ ਤੋਂ ਬਲਜੀਤ ਅਤੇ ਬਟਾਲਾ ਦੇ ਰਮੇਸ਼ ਕੁਮਾਰ ਵਜੋਂ ਹੋਈ ਹੈ। ਨੌਜਵਾਨਾਂ ਨੇ ਵੀਡੀਓ ਰਾਹੀਂ ਕੁਵੈਤ ਵਿੱਚ ਫਸੇ ਹੋਣ ਦੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਉਹ 7 ਮਹੀਨੇ ਪਹਿਲਾਂ ਕੁਵੈਤ ਆਏ ਸਨ। ਉਹ ਸਾਰੇ ਇਥੇ ਪਿਛਲੇ ਤਿੰਨ ਮਹੀਨੇ ਤੋਂ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲ ਰਿਹਾ। ਏਜੰਟ ਨੇ ਉਨ੍ਹਾਂ ਕੋਲੋਂ ਧੋਖੇ ਨਾਲ ਪਾਸਪੋਰਟ ਖੋਹ ਲਏ ਹਨ। ਜਿਸ ਬਾਰੇ ਉਨ੍ਹਾਂ ਨੇ ਉਥੇ ਦੇ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਕੀਤੀ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਨਕੋਟ ਦੇ ਦੋਵੇ ਸਗੇ ਭਰਾਵਾਂ ਦੇ ਮਾਤਾ-ਪਿਤਾ ਨੇ ਵੀ ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਆਪਣੇ ਪੁੱਤਰਾਂ ਨੂੰ ਵਾਪਿਸ ਬੁਲਾਏ ਜਾਣ ਮਦਦ ਦੀ ਮੰਗ ਕੀਤੀ ਹੈ।