ਪਠਾਨਕੋਟ: ਜਿੱਥੇ ਇੱਕ ਪਾਸੇ ਕੋਵਿਡ ਕਾਲ ਦੇ ਦੌਰਾਨ ਹਰ ਕੋਈ ਇਕ ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਚਾਹੇ ਉਹ ਇਨਸਾਨ ਹੋਣ ਜਾਂ ਫਿਰ ਬੇਜੁਬਾਨ ਜਾਨਵਰ। ਜ਼ਿਆਦਾਤਰ ਲੋਕਾਂ ਦੀ ਕੋਸ਼ਿਸ਼ ਹੈ ਕਿ ਹਰ ਭੁੱਖੇ ਤੱਕ ਰੋਟੀ ਪਹੁੰਚਾਈ ਜਾਵੇ ਪਰ ਕੁੱਝ ਲੋਕਾਂ ਨੂੰ ਇਹ ਪਸੰਦ ਨਹੀਂ।
ਇਸੇ ਤਰ੍ਹਾਂ ਦਾ ਹੀ ਕੁੱਝ ਦੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਜਿੱਥੇ ਕਿ ਇੱਕ ਪਰਿਵਾਰ ਜੋ ਕਿ ਅਵਾਰਾ ਕੁੱਤਿਆਂ ਨੂੰ ਰੋਜ਼ਾਨਾ ਰੋਟੀ ਪਾਉਂਦਾ ਸੀ ਅਤੇ ਇਹ ਰੋਟੀ ਪਾਉਣਾ ਉਨ੍ਹਾਂ ਨੂੰ ਮਹਿੰਗਾ ਪੈ ਗਿਆ। ਦੱਸ ਦੇਈਏ ਕਿ ਸ਼ਹਿਰ ਦੇ ਮੁਹੱਲਾ ਭਗਤ ਨਗਰ ਵਿਖੇ ਇੱਕ ਪਰਿਵਾਰ ਵੱਲੋਂ ਅਵਾਰਾ ਕੁੱਤਿਆਂ ਨੂੰ ਹਰ ਰੋਜ਼ ਰੋਟੀ ਪਾਈ ਜਾਂਦੀ ਸੀ ਜਿਸ ਵਜ੍ਹਾ ਕਰਕੇ ਉਨ੍ਹਾਂ ਦੇ ਗੁਆਂਢੀ ਨਾਰਾਜ਼ ਸਨ ਕਿ ਇਹ ਕੁੱਤੇ ਇੱਥੇ ਗੰਦ ਪਾਉਂਦੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੇ ਰੋਟੀ ਪਾਉਣ ਵਾਲੇ ਪਰਿਵਾਰ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਜੰਮ ਕੇ ਲੜਾਈ ਕੀਤੀ। ਇਸ ਲੜਾਈ ਦੌਰਾਨ ਤਿੰਨ ਲੋਕਾਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ।
ਇਸ ਬਾਰੇ ਗੱਲ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਰੋਜ਼ ਗਲੀ ਦੇ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਂਦੇ ਹਨ ਜਿਸਦੇ ਚਲਦੇ ਉਨ੍ਹਾਂ ਦੇ ਗੁਆਂਢੀਆਂ ਨੇ ਪਰਿਵਾਰ ਉੱਪਰ ਹਮਲਾ ਕਰ ਦਿੱਤਾ। ਪਰਿਵਾਰ ਨੇ ਦੱਸਿਆ ਕਿਜਦੋਂ ਉਹ ਇਲਾਜ ਦੇ ਲਈ ਸਿਵਲ ਹਸਪਤਾਲ ਪੁੱਜੇ ਤਾਂ ਕੁਝ ਲੋਕ ਹਸਪਤਾਲ ਪੁੱਜੇ ਅਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ।
ਓਧਰ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਜ਼ਖਮੀ ਹਾਲਤ ਦੇ ਵਿੱਚ ਕੁਝ ਲੋਕ ਹਸਪਤਾਲ ਦੇ ਵਿੱਚ ਪੁੱਜੇ ਜਿੰਨ੍ਹਾਂ ਦੀ ਹਾਲਤ ਸਥਿਰ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ, ਕੁੱਤੇ ਦੇ ਮੂੰਹ ‘ਚੋਂ ਮਿਲਿਆ ਮ੍ਰਿਤਕ ਭਰੂਣ